ਸਰਦਾਰਨੀ ਸਦਾ ਕੌਰ ( Rajput Soorme )
- Sidki Rajput Soorme
- 29 mar 2020
- Tempo di lettura: 4 min
Aggiornamento: 20 apr 2020
ਇੱਕ ਦਲੇਰ ਸਿੱਖ ਔਰਤ ਸਰਦਾਰਨੀ ਸਦਾ ਕੌਰ ਜੋ ਮਹਾਰਾਜਾ ਸ਼ੇਰ ਸਿੰਘ ਦੀ ਨਾਨੀ ਸੀ। ਮਹਾਂਰਾਣੀ ਮਹਿਤਾਬ ਕੌਰ ਦੀ ਮਾਂ ਸੀ। ਸਰਦਾਰਨੀ ਸਦਾ ਕੌਰ ਨਾਮ ਜੋ ਦੁਨੀਆਂ ਦੇ ਇਤਿਹਾਸ ਵਿੱਚ ਦਲੇਰ ਔਰਤਾਂ ਵਜੋਂ ਜਾਣਿਆ ਜਾਂਦਾ ਹੈ । ਸਰਦਾਰਨੀ ਸਦਾ ਕੌਰ ਕਨ੍ਹਈਆ ਮਿਸਲ ਦੇ ਸਰਦਾਰ ਮਿਸਲਦਾਰ ਜੈ ਸਿੰਘ ਕਨ੍ਹਈਆ ਦੀ ਨੂੰਹ ਸੀ। ਸਦਾ ਕੌਰ ਦੇ ਪਤੀ ਸਰਦਾਰ ਗੁਰਬਖਸ਼ ਸਿੰਘ ਜੋ ਸ਼ੁੱਕਰਚੱਕੀਆ ਮਿਸਲ ਨਾਲ ਬਟਾਲੇ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਪਰ ਬਟਾਲਾ ਏਰੀਆ ਕਨ੍ਹਈਆ ਮਿਸਲ ਦੇ ਕਬਜੇ ਹੇਠ ਰਿਹਾ। ਮਿਸਲਦਾਰ ਜੈ ਸਿੰਘ ਦੀ ਮੌਤ ਤੋਂ ਬਾਦ ਸਰਦਾਰਨੀ ਸਦਾ ਕੌਰ ਹਾਕਮ ਬਣ ਗਈ। ਉਹ ਸਿੱਖ ਇਤਿਹਾਸ ਦੀ ਪਹਿਲੀ ਔਰਤ ਸ਼ਾਸਕ ਵਜੋਂ ਵੀ ਜਾਣੀ ਜਾਂਦੀ ਹੈ। ਇੱਕ ਹੋਣਹਾਰ ਅਤੇ ਸੂਝਵਾਨ ਔਰਤ ਸੀ । ਉਸ ਦੀ ਇੱਕ ਹੀ ਪੁੱਤਰੀ ਸੀ ਮਹਿਤਾਬ ਕੌਰ । ਜਿਸ ਦਾ ਵਿਆਹ ਮਿਸਲਦਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਜਿਸ ਦੀ ਉਮਰ ਅਜੇ 10 ਸਾਲ ਦੀ ਸੀ । ਜੋ ਬਾਅਦ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ। ਇਸ ਵਿੱਚ ਸਰਦਾਰਨੀ ਸਦਾ ਕੌਰ ਨੇ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ । ਰਾਣੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁੱਖੀ ਸੀ ਅਤੇ ਰਿਸ਼ਤੇ ਵਜੋਂ ਉਹ ਮਹਾਂਰਾਜਾ ਰਣਜੀਤ ਸਿੰਘ ਦੀ ਸੱਸ ਸੀ । ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਪਤਨੀ ਮਹਾਂਰਾਣੀ ਮਹਿਤਾਬ ਕੌਰ ਦੀ ਮਾਂ ਅਤੇ ਮਹਾਂਰਾਜਾ ਸ਼ੇਰ ਸਿੰਘ ਦੀ ਨਾਨੀ ਸੀ। ਮਹਾਰਾਜਾ ਸ਼ੇਰ ਸਿੰਘ ਜੋ ਕੁਝ ਸਮੇਂ ਲਈ ਖਾਲਸਾ ਰਾਜ ਦਾ ਮਹਾਰਾਜਾ ਬਣਿਆ। ਇੱਥੇ ਯਾਦ ਰਹੇ ਕਿ ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਦਾ ਕਤਲ ਸੰਧਾਵਾਲੀਆ ਭਰਾਵਾਂ ਅਜੀਤ ਸਿੰਘ, ਅਤਰ ਸਿੰਘ ਅਤੇ ਲਹਿਣਾ ਸਿੰਘ ਨੇ ਕੀਤਾ ਸੀ। ਜੋ ਪਹਿਲਾਂ ਖਾਲਸਾ ਰਾਜ ਨਾਲ ਨਰਾਜ਼ ਹੋ ਕੇ ਅੰਗਰੇਜਾਂ ਨਾਲ ਜਾ ਮਿਲੇ ਸਨ। ਬਾਅਦ ਵਿੱਚ ਕਿਸੇ ਸਾਜਿਸ਼ ਹੇਠ ਫਿਰ ਖਾਲਸਾ ਰਾਜ ਵਿੱਚ ਆ ਗਏ । ਕਨ੍ਹਈਆ ਮਿਸਲ ਬਟਾਲਾ ਸ਼ਹਿਰ ਉੱਪਰ ਲੰਮਾ ਸਮਾਂ ਕਾਬਜ ਰਹੀ। ਅੱਜ ਵੀ ਬਟਾਲਾ ਸ਼ਹਿਰ ਵਿੱਚ ਕਨ੍ਹਈਆ ਮਿਸਲ ਦੇ ਰਾਜ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਜਦੋ ਵੀ ਕੋਈ ਇਤਿਹਾਸਕਾਰ ਇਹ ਜਾਨਣ ਦੀ ਕੋਸ਼ਿਸ਼ ਕਰੇਗਾ ਕਿ ਖਾਲਸਾ ਰਾਜ ਦੀ ਉਤਪਤੀ ਕਿਵੇਂ ਹੋਈ ਉਥੇ ਸਰਦਾਰਨੀ ਸਦਾ ਕੌਰ ਦਾ ਨਾਮ ਜਰੂਰ ਆਵੇਗਾ।
ਕੁਝ ਕਹਾਣੀਆਂ ਅਨੁਸਾਰ ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿੱਚ ਹੋਇਆ ਸੀ। ਸਰਦਾਰਨੀ ਸਦਾ ਕੌਰ ਦਾ ਵਿਆਹ ਗੁਰਬਖਸ਼ ਸਿੰਘ ਨਾਲ ਹੋਇਆ। ਗੁਰਬਖਸ਼ ਸਿੰਘ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਸੀ। ਕਨ੍ਹਈਆ ਮਿਸਲ ਉਸ ਸਮੇਂ ਤਾਕਤਵਰ ਮਿਸਲਾਂ ਵਿੱਚ ਗਿਣੀ ਜਾਂਦੀ ਸੀ। ਉਸ ਸਮੇਂ ਸਾਰੀਆਂ ਮਿਸਲਾਂ ਦੀਆਂ ਆਪਸ ਵਿੱਚ ਇਲਾਕਿਆਂ ਦੀ ਵੰਡ ਨੂੰ ਲੈ ਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ। ਸਦਾ ਕੌਰ ਦੇ ਪਤੀ ਗੁਰਬਖਸ਼ ਦੀ ਮੌਤ ਦਾ ਕਾਰਨ ਵੀ ਇਹ ਹੀ ਸੀ ਜੋ 1784 ਨੂੰ ਅੱਚਲ ਸਾਹਿਬ ਨੇੜੇ ਜਾਹਦਪੁਰ ਸੇਖਵਾਂ ਪਿੰਡ ਨਜ਼ਦੀਕ ਹੋਈ ਲੜਾਈ ਵਿਚ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਹੱਥੋਂ ਮਾਰਿਆ ਗਿਆ ਸੀ । ਉਸ ਸਮੇਂ ਗੁਰਬਖਸ਼ ਸਿੰਘ ਦੀ ਉਮਰ ਸਿਰਫ 25 ਸਾਲ ਦੀ ਸੀ । ਮੌਤ ਦੀ ਖਬਰ ਜਦੋਂ ਜੈ ਸਿੰਘ ਅਤੇ ਸਦਾ ਕੌਰ ਨੂੰ ਬਟਾਲਾ ਵਿਖੇ ਮਿਲਦੀ ਹੈ ਤਾਂ ਸਦਾ ਕੌਰ ਤਲਵਾਰ ਲੈ ਕੇ ਘੋੜੇ ਉਪਰ ਸਵਾਰ ਹੋ ਕੇ ਖੁਦ ਜੰਗ ਦੇ ਮੈਦਾਨ ਵਿੱਚ ਜਾਂਦੀ ਹੈ । ਬੜੀ ਬਹਾਦਰੀ ਨਾਲ ਲੜ੍ਹਦੀ ਹੈ। ਪਤੀ ਦੀ ਲਾਸ਼ ਬਟਾਲੇ ਲੈ ਆਉਂਦੀ ਹੈ ਅਤੇ ਬਟਾਲਾ ਸ਼ਹਿਰ ਤੇ ਕਬਜਾ ਨਹੀਂ ਹੋਣ ਦਿੰਦੀ। ਅੱਜ ਵੀ ਹੰਸਲੀ ਨਾਲੇ ਦੇ ਕੰਢੇ ਗੁਰਬਖਸ਼ ਸਿੰਘ ਦੀ ਸਮਾਧ ਮੌਜੂਦ ਹੈ । ਸਰਦਾਰਨੀ ਸਦਾ ਕੌਰ ਵਿਧਵਾ ਹੋ ਗਈ। ਉਸ ਸਮੇਂ ਉਸਦੀ ਸਿਰਫ ਇੱਕ ਪੁੱਤਰੀ ਮਹਿਤਾਬ ਕੌਰ ਸੀ। ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਅਤੇ ਉਸ ਦੀ ਨੂੰਹ ਨੇ ਸ਼ੁਕਰਚੱਕੀਆ ਮਿਸਲ ਨਾਲ ਝਗੜਾ ਖਤਮ ਕਰਨ ਲਈ ਮਹਿਤਾਬ ਕੌਰ ਦਾ ਰਿਸ਼ਤਾ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤਾ। ਦੋਵਾਂ ਮਿਸਲਾਂ ਦੀ ਦੁਸ਼ਮਣੀ ਰਿਸ਼ਤੇਦਾਰੀ ਵਿੱਚ ਬਦਲ ਜਾਂਦੀ ਹੈ।
ਸੰਨ 1789 ਵਿਚ ਕਨ੍ਹਈਆ ਮਿਸਲ ਦੇ ਮੁਖੀ ਜੈ ਸਿੰਘ ਦੇ ਦੇਹਾਂਤ ਤੋਂ ਬਾਅਦ ਸਰਦਾਰਨੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਬਣ ਜਾਂਦੀ ਹੈ। ਉਸ ਸਮੇਂ ਕਨ੍ਹਈਆ ਮਿਸਲ ਕੋਲ ਇੱਕ ਤਾਕਤਵਰ ਘੋੜ ਸਵਾਰ ਫੌਜ ਸੀ ਜਿਸ ਦੀ ਗਿਣਤੀ 8000 ਦੇ ਕਰੀਬ ਸੀ। 1790 ਵਿੱਚ ਸ਼ੁਕਰਚੱਕੀਆ ਮਿਸਲ ਦੇ ਮੁਖੀ ਮਹਾਂ ਸਿੰਘ ਦਾ ਦੇਹਾਂਤ ਹੋ ਗਿਆ। ਉਸ ਸਮੇਂ ਰਣਜੀਤ ਸਿੰਘ ਦੀ ਉਮਰ ਬਹੁਤ ਛੋਟੀ ਸੀ। ਮਹਾਂ ਸਿੰਘ ਦੇ ਦੇਹਾਂਤ ਤੋਂ ਬਾਅਦ ਸ਼ੁਕਰਚੱਕੀਆ ਮਿਸਲ ਦੀ ਸਾਰੀ ਜੁੰਮੇਵਾਰੀ ਰਣਜੀਤ ਸਿੰਘ ਉੱਪਰ ਆ ਜਾਂਦੀ ਹੈ। ਸਰਦਾਰਨੀ ਸਦਾ ਕੌਰ ਕਨ੍ਹਈਆ ਮਿਸਲ ਦੀ ਮੁਖੀ ਹੁੰਦੇ ਹੋਏ, ਜਵਾਈ ਰਣਜੀਤ ਸਿੰਘ ਦੀ ਵੀ ਸਰਪਰਸਤ ਬਣਦੀ ਹੈ, ਸਦਾ ਕੌਰ ਦੇ ਹੱਥਾਂ ਵਿੱਚ ਕਨ੍ਹਈਆ ਮਿਸਲ ਦੇ ਨਾਲ ਨਾਲ ਸ਼ੁਕਰਚੱਕੀਆ ਮਿਸਲ ਦੀ ਜਿੰਮੇਵਾਰੀ ਵੀ ਆ ਜਾਂਦੀ ਹੈ। ਸਦਾ ਕੌਰ ਬੜੀ ਬਹਾਦਰ ਅਤੇ ਤੀਬਰ ਸੋਚ ਵਾਲੀ ਔਰਤ ਸੀ। ਹੁਣ ਉਸਨੇ ਆਪਣੀ ਸਿਆਣਪ ਤੇ ਬਹਾਦਰੀ ਨਾਲ ਦੋਨਾਂ ਮਿਸਲਾਂ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ।
1796 ਵਿੱਚ ਸ਼ਾਹ ਜ਼ਮਾਨ ਨੇ ਜੋ ਅਫਗਾਨਿਸਤਾਨ ਦਾ ਸੀ ਪੰਜਾਬ ਨੂੰ ਕਮਜ਼ੋਰ ਸਮਝ ਕੇ 30000 ਫ਼ੌਜ ਨਾਲ਼ ਪੰਜਾਬ ਉੱਪਰ ਹਮਲਾ ਕਰ ਦਿੱਤਾ। ਉਸ ਨੂੰ ਕਿਸੇ ਨੇ ਨਹੀਂ ਰੋਕਿਆ ਅਤੇ ਸ਼ੁੱਕਰਚੱਕੀਆ ਮਿਸਲ ਦੇ ਦਰਵਾਜੇ ਤੱਕ ਪਹੁੰਚ ਗਿਆ। ਰਣਜੀਤ ਸਿੰਘ ਦੀ ਉਮਰ ਸਿਰਫ 16 ਸਾਲ ਦੀ ਸੀ। ਪਰ ਸਰਦਾਰਨੀ ਸਦਾ ਕੌਰ ਰਣਜੀਤ ਸਿੰਘ ਨੂੰ ਨਾਲ ਲੈ ਕੇ ਉਸਦੇ ਰਸਤੇ ਵਿੱਚ ਚਟਾਨ ਵਾਂਗ ਖੜ੍ਹ ਗਈ ਅਤੇ ਦੋਨਾਂ ਮਿਸਲਾਂ ਨੇ ਅਫਗਾਨਾ ਨੂੰ ਰੋਲ ਕੇ ਰੱਖ ਦਿੱਤਾ ਅਤੇ ਅਫ਼ਗਾਨੀਆਂ ਨੂੰ ਮੈਦਾਨ ਵਾਪਸ ਨੱਸਣਾ ਪਿਆ।
ਕੁਝ ਸਮਾਂ ਲੰਘਣ ਤੋਂ ਬਾਅਦ ਭੰਗੀ ਮਿਸਲ ਜੋ ਇਸੇ ਸਮੇਂ ਦੌਰਾਨ ਲਾਹੌਰ ਉੱਪਰ ਕਾਬਜ ਸੀ, ਲੋਕਾਂ ਨੂੰ ਬਹੁਤ ਤੰਗ ਕਰ ਰਹੀ ਸੀ। ਲੋਕਾਂ ਨੇ ਰਣਜੀਤ ਸਿੰਘ ਕੋਲ ਗੁਹਾਰ ਲਾਈ।ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਕਿ ਅਗਰ ਲਾਹੌਰ ਤੇ ਕਬਜਾ ਹੋ ਜਾਵੇ ਤਾਂ ਲੋਕ ਭੀ ਸੁਖੀ ਹੋ ਜਾਣਗੇ ਅਤੇ ਸਾਡੀਆਂ ਹੱਦਾਂ ਵੀ ਵਧਣਗੀਆਂ। ਸਦਾ ਕੌਰ ਅਤੇ ਰਣਜੀਤ ਸਿੰਘ ਨੇ ਸੰਨ 1799 ਨੂੰ ਲਾਹੌਰ ਉੱਪਰ ਹਮਲਾ ਕਰ ਦਿੱਤਾ। ਪਹਿਲਾਂ ਕੀਤੀ ਵਿਉਂਤਵੰਦੀ ਅਨੁਸਾਰ ਲੋਕਾਂ ਨੇ ਤੜਕੇ ਹੀ ਲਾਹੌਰ ਸ਼ਹਿਰ ਦੇ ਦਰਵਾਜੇ ਖੋਲ ਦਿੱਤੇ। ਦਿਨ ਚੜ੍ਹਦੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਕਬਜ਼ਾ ਹੋ ਗਿਆ। ਇਸ ਤੋਂ ਬਾਅਦ ਸਰਦਾਰਨੀ ਸਦਾ ਕੌਰ ਨੇ ਰਣਜੀਤ ਸਿੰਘ ਨੂੰ ਪੰਜਾਬ ਦਾ ਰਾਜਾ ਘੋਸ਼ਿਤ ਦਿੱਤਾ। ਬਹੁਤ ਸਾਰੀਆਂ ਜੰਗਾਂ ਵਿੱਚ ਸਦਾ ਕੌਰ ਨੇ ਰਣਜੀਤ ਸਿੰਘ ਦੇ ਨਾਲ ਹਿੱਸਾ ਲਿਆ।
1807 ਵਿੱਚ ਰਣਜੀਤ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਪਰ ਇਹ ਗੱਲ ਸਰਦਾਰਨੀ ਸਦਾ ਕੌਰ ਦੀ ਬਰਦਾਸ਼ਤ ਤੋਂ ਬਾਹਰ ਸੀ । ਉਸਨੇ ਮਹਾਂਰਾਜਾ ਰਣਜੀਤ ਸਿੰਘ ਨਾਲ ਰਿਸ਼ਤੇ ਤੋੜ ਲਏ ਅਤੇ ਉਹ ਫਿਰ ਆਪਣੀ ਮਿਸਲ ਨੂੰ ਦੁਬਾਰਾ ਉਭਾਰਨ ਵਾਰੇ ਸੋਚਣ ਲੱਗੀ । ਰਣਜੀਤ ਸਿੰਘ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ। ਉਸ ਨੇ ਸਦਾ ਕੌਰ ਨੂੰ ਲਾਹੌਰ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਅਤੇ ਬਟਾਲਾ ਸਥਿਤ ਸੰਪਤੀ ਅਤੇ ਜਗੀਰ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਸੌਂਪ ਦਿੱਤੀ ਜੋ ਉਸਦਾ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਸਦਾ ਕੌਰ ਦਾ ਦੋਹਤਰਾ ਸੀ। ਸਰਦਾਰਨੀ ਸਦਾ ਕੌਰ ਦਾ ਸੰਨ 1832 ਵਿੱਚ ਸ਼ਾਹੀ ਕਿਲੇ ਵਿੱਚ ਦੇਹਾਂਤ ਹੋ ਗਿਆ।
ਰਣਜੀਤ ਸਿੰਘ ਨੂੰ ਇੱਕ ਮਿਸਲਦਾਰ ਤੋਂ ਸ਼ੇਰ-ਏ-ਪੰਜਾਬ ਬਣਾਉਣ ਵਾਲੀ ਮਹਾਂ ਦਲੇਰ ਔਰਤ ਸਰਦਾਰਨੀ ਸਦਾ ਕੌਰ ਸੀ । ਅੱਜ ਭਾਂਵੇਂ ਸਾਡੇ ਇਤਿਹਾਸਕਾਰ ਉਨ੍ਹਾਂ ਲੋਕਾਂ ਨੂੰ ਅੱਗੇ ਲਿਆ ਰਹੇ ਹਨ ਜਿਨ੍ਹਾਂ ਕਰਕੇ ਖਾਲਸਾ ਰਾਜ ਖਤਮ ਹੋ ਗਿਆ। ਸਭ ਤੋਂ ਪਹਿਲਾਂ ਗੱਦਾਰੀ ਸੰਧਾਵਾਲੀਆ ਭਰਾਵਾਂ ਨੇ ਕੀਤੀ ਉਹ ਅੰਗਰੇਜਾਂ ਨਾਲ ਨਾ ਮਿਲਦੇ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਨਾ ਹੁੰਦਾ। ਸ਼ਾਇਦ ਅੱਜ ਜੋ ਅਸੀਂ ਆਪਣਾ ਖਾਲਸਾ ਰਾਜ ਯਾਦ ਕਰਦੇ ਹਾਂ ਉਹ ਅੱਜ ਵੀ ਕਾਇਮ ਹੁੰਦਾ।

ਸਰਦਾਰਨੀ ਸਦਾ ਕੌਰ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।
Comentarios