ਭਾਈ ਤੀਰਥਾ ਜੀ (ਭਾਈ ਮੰਝ ਜੀ)
- Sidki Rajput Soorme
- 1 mag 2020
- Tempo di lettura: 5 min
੧ਓ
ਵਾਹਿਗੁਰੂ ਜੀ ਕੀ ਫਤਿਹ।।

ਭਾਈ ਤੀਰਥਾ ਜੀ (ਭਾਈ ਮੰਝ ਜੀ)
ਭਾਈ ਤੀਰਥਾ ਮੰਝ ਜੀ, ਆਪਣੇ ਵੰਸ਼ ਦੇ ਅਮੀਰ ਰਾਜਪੂਤ ਜਾਗੀਰਦਾਰ ਸਨ । ਕਈ ਸੌ ਸਾਲ ਪਹਿਲਾਂ ਸਾਰੇ ਮੰਝ ਹਿੰਦੂ ਧਰਮ ਨੂੰ ਮੰਨਦੇ ਸਨ। ਦੋਆਬਾ ਖੇਤਰ ਵਿੱਚ ਫਗਵਾੜਾ, ਫਿਲੌਰ ਅਤੇ ਨਕੋਦਰ ਵਿੱਚ ਮੰਝ ਰਾਜਪੂਤਾਂ ਦਾ ਰਾਜ ਸੀ। ਇਸ ਖੇਤਰ ਨੂੰ ਮੰਝਜੀ ਖੇਤਰ ਕਿਹਾ ਜਾਂਦਾ ਸੀ। ਇਨ੍ਹਾਂ ਦਾ ਮੁਖ ਦਰਬਾਰ ਜੰਡਿਆਲਾ ਮੰਝ ਕੀ ਵਿੱਚ ਸੀ। ਮੰਝ ਲੋਕ ਹੋਰ ਵੀ ਕਈ ਖੇਤਰਾਂ ਵਿੱਚ ਫੈਲੇ ਹੋਏ ਸਨ। ਮੁਸਲਮਾਨਾਂ ਦੇ ਹਮਲਿਆਂ ਤੋਂ ਬਾਅਦ ਇਸ ਵੰਸ਼ ਦੇ ਕੁਝ ਲੋਕ ਮੁਸਲਮਾਨ ਬਣ ਗਏ। ਹਿੰਦੂ ਲੋਕ ਵੀ ਹਿੰਦੂ ਹੁੰਦੇ ਹੋਏ ਮੁਸਲਮਾਨ ਪੀਰਾਂ ਦੀ ਪੂਜਾ ਕਰਨ ਲੱਗ ਪਏ। ਜਿਨ੍ਹਾਂ ਵਿੱਚੋਂ ਭਾਈ ਤੀਰਥਾ ਮੰਝ ਵੀ ਇੱਕ ਸੀ। ਭਾਈ ਤੀਰਥਾ ਮੰਝ ਜੀ ਦਾ ਜਨਮ ਪਿੰਡ ਕੰਗ ਮਾਈ ਜ਼ਿਲਾ ਹੂਸ਼ਿਆਰਪੁਰ, ਪੰਜਾਬ ਵਿੱਚ ਹੋਇਆ। ਭਾਈ ਮੰਝ ਜੀ ਮੁਲਤਾਨ ਦੇ ਨੇੜੇ ਪੀਰ ਨਿਗਾਹਾ ( ਅਜੋਕਾ ਪਾਕਿਸਤਾਨ ) ਦੇ ਪੀਰ ਸੁਲਤਾਨ ਸਖੀ ਸਰਵਰ ਦੇ ਅਨੁਯਾਈ ਸਨ। ਜਗੀਰਦਾਰ ਅਤੇ ਸਥਾਨਕ ਨੇਤਾ ਹੋਣ ਦੇ ਨਾਤੇ ਉਨ੍ਹਾਂ ਦੇ ਸੈਂਕੜੇ ਪੈਰੋਕਾਰ ਸਨ ਜੋ ਸਾਰੇ ਉਨ੍ਹਾ ਦਾ ਸਤਿਕਾਰ ਕਰਦੇ ਸਨ। ਭਾਈ ਤੀਰਥਾ ਮੰਝ ਜੀ ਸਖੀ ਸਰਵਰ ਦੀਆਂ ਯਾਤਰਾਵਾਂ ਦੀ ਅਗਵਾਈ ਕਰਦੇ ਸਨ। ਸੰਗ ਲੈਕੇ ਜਾਂਦੇ ਭਾਈ ਤੀਰਥਾ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਗੱਦੀ ਤੇ ਗੁਰੂ ਅਰਜਨ ਦੇਵ ਜੀ ਅਮ੍ਰਿਤਸਰ ਰਹਿੰਦੇ ਹਨ ਤੇ ਅੰਮ੍ਰਿਤ ਸਰੋਵਰ ਬਣਾਇਆ ਜਾ ਰਿਹਾ ਹੈ। ਮਨ ਵਿਚ ਦਰਸ਼ਨ ਕਰਨ ਦੀ ਇੱਛਾ ਜਾਗੀ । ਯਾਤਰਾ ਸੰਗ ਨੂੰ ਅੱਗੇ ਸੰਗ ਭੇਜ ਦਿੱਤਾ ਤੇ ਆਪ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਚੱਲ ਪਏ, ਜਦੋਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਤੇ ਉਥੇ ਚਲਦੀ ਸੇਵਾ ਦੇਖ ਕੇ ਮਨ ਬਦਲ ਗਿਆ। ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਵੀ ਸਿਖੀ ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਜੀ ਨੇ ਭਾਈ ਮੰਝ ਨੂੰ ਕਿਹਾ ਕਿ ਸਿਖੀ ਤੇ ਸਿਖੀ ਨਹੀਂ ਚੜਦੀ, ਨਾਸਮਝਣ ਕਰਕੇ ਮੁੜ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਤੂੰ ਤਾਂ ਪਹਿਲਾਂ ਹੀ ਕਿਸੇ ਦਾ ਸਿਖ ਬਣੀ ਬੈਠਾਂ। ਹੱਥ ਜੋੜ ਕੇ ਸੀਸ ਨਿਵਾਇਆ ਕਿਹਾ ਕਿ ਮੈਨੂ ਆਪਣੇ ਲੜ ਲਾ ਲਵੋ।
ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿਖੀ ਬਖਸ਼ ਦਿੱਤੀ। ਨਾਲ ਇਹ ਵੀ ਕਿਹਾ ਕਿ ਗੁਰੂ ਨਾਨਕ ਦਾ ਸਿੱਖ ਕਿਸੇ ਮੜ੍ਹੀ ਮਸਾਣ ਨੂੰ ਨਹੀਂ ਮੰਨਦਾ । ਆਪਣੇ ਪਿੰਡ ਜਾਓ ਅਤੇ ਜੋ ਸਖ਼ੀ ਸਰਵਰ ਦੀ ਜਗ੍ਹਾ ਬਣਾਈ ਹੈ ਉਸ ਨੂੰ ਢਾਹ ਦਿਓ । ਘਰ ਬੈਠ ਕੇ ਜਪੁਜੀ ਸਾਹਿਬ ਜੀ ਦਾ ਪਾਠ ਵੱਧੋ ਵੱਧ ਕਰਨਾ। ਹਰੇਕ ਲੋੜਵੰਦ ਦੀ ਸਹਾਇਤਾ ਕਰਨੀ। ਭਾਈ ਤੀਰਥਾ ਮੰਝ ਗੁਰੂ ਜੀ ਦੀ ਅਸ਼ੀਸ ਲੈਂਦੇ ਹੋਏ ਘਰ ਆਇਆ ਤੇ ਘਰ ਵਿੱਚ ਬਣਾਈ ਪੀਰ ਨਿਗਾਹੇ ਦੀ ਜਗ੍ਹਾ ਢਾਹ ਦਿਤੀ । ਭਾਈ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰਨ ਲੱਗੇ। ਆਏ ਗਏ ਲੋੜਵੰਦ ਰਾਹੀਆਂ ਦੀ ਸੇਵਾ ਕਰਨੀ ਅਤੇ ਗੁਰੂ ਉਪਦੇਸ਼ ਦੇਣਾ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਿਆ। ਲੋਕਾਂ ਦੀ ਮੰਗ ਪੂਰੀ ਕਰਨ ਲਈ ਸਭ ਕੁਝ ਦੇਣਾ ਸ਼ੁਰੂ ਕਰ ਦਿੱਤਾ। ਪਰ ਗੁਰੂ ਜੀ ਦੀ ਪ੍ਰੀਖਿਆ ਅਜੇ ਬਾਕੀ ਸੀ। ਗੁਰੂ ਜੀ ਦੀ ਕਸਵੱਟੀ ਲਗਣੀ ਸ਼ੁਰੂ ਹੋ ਗਈ। ਸਾਰੇ ਪਸ਼ੂ ਬਿਮਾਰੀ ਕਾਰਨ ਖਤਮ ਹੋ ਗਏ। ਜਮੀਨ ਵਿਕ ਗਈ। ਤਾਂ ਗੁਰੂ ਜੀ ਨੇ ਆਪਣੇ ਇੱਕ ਸਿੱਖ ਨੂੰ ਭੇਜਿਆ ਤੇ ਕਿਹਾ ਕਿ ਇਸ ਸਿਖ ਨੂੰ ਵੀਹ ਰੁਪਏ ਦੇਣੇ ਫਿਰ ਇਸ ਕੋਲ ਭੇਜੀ ਚਿੱਠੀ ਪੜਨੀ । ਵੀਹ ਰੁਪਏ ਦਿੱਤੇ ਗਏ। ਚਿਠੀ ਵਿਚ ਲਿਖਿਆ ਸੀ ਕਿ ਇਸ ਸਿੱਖ ਨੂੰ ਵੀਹ ਰੁਪਏ ਹੋਰ ਦੇਣੇ। ਪੈਸੇ ਨਾਂ ਹੋਣ ਕਰਕੇ ਭਾਈ ਸਾਹਿਬ ਨੇ ਆਪਣੀ ਪਤਨੀ ਨੂੰ ਦੂਸਰੇ ਸ਼ਾਹੂਕਾਰ ਦੇ ਨੌਕਰ ਲਗਵਾ ਕੇ ਰੁਪਏ ਦੇ ਦਿੱਤੇ ਤੇ ਸਿੱਖ ਨੂੰ ਵਾਪਸ ਭੇਜ ਦਿੱਤਾ ਗਿਆ।ਅਜੇ ਕੁਝ ਦਿਨ ਬੀਤ ਜਾਣ ਤੇ ਗੁਰੂ ਜੀ ਨੇ ਆਪਣੇ ਇੱਕ ਹੋਰ ਸਿੱਖ ਨੂੰ ਇਸ ਤਰ੍ਹਾਂ ਹੀ ਭੇਜਿਆ ਤੇ ਪੈਸੇ ਦੀ ਮੰਗ ਕੀਤੀ ਗਈ ਪਰ ਪੈਸੇ ਨਾਂ ਹੋਣ ਕਰਕੇ ਆਪਣੀ ਲੜਕੀ ਨੂੰ ਨੌਕਰ ਰੱਖਵਾ ਦਿੱਤਾ ਗਿਆ ਤੇ ਸਿੱਖ ਦੀ ਮੰਗ ਪੂਰੀ ਕੀਤੀ।
ਦੂਜੇ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਚਲੇ ਗਏ । ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਪਰ ਗੁਰੂ ਜੀ ਨੇ ਗੌਲਿਆ ਨਹੀਂ। ਗੁਰੂ ਘਰ ਦੀ ਸੇਵਾ ਕਰਨ ਦਾ ਹੁਕਮ ਦਿੱਤਾ। ਸੇਵਾ ਸੰਭਾਲ ਲਈ ਹਰ ਰੋਜ਼ ਜੰਗਲ ਵਿੱਚ ਜਾਣਾ ਤੇ ਸੁੱਕਾ ਬਾਲਣ ਲਿਆਉਣਾ ਤੇ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਅਪਣਾ ਭਜਨ ਬੰਦਗੀ ਕਰਨੀ। ਸਮਾਂ ਬੀਤਣ ਨਾਲ ਇੱਕ ਦਿਨ ਗੁਰੂ ਸਾਹਿਬ ਜੀ ਲੰਗਰ ਵਿਚ ਆਏ ਤੇ ਕਿਹਾ ਭਾਈ ਮੰਝ ਕੀ ਕਰਦਾ ਹੁੰਦਾ ਤਾਂ ਜਵਾਬ ਦਿੱਤਾ ਕਿ ਜੰਗਲ ਵਿੱਚੋਂ ਲੰਗਰਾਂ ਲਈ ਬਾਲਣ ਲੈਕੇ ਆਉਂਦਾ ਹਾਂ। ਗੁਰੂ ਜੀ ਨੇ ਸਵਾਲ ਕੀਤਾ ਕਿ ਪ੍ਰਸ਼ਾਦ ਪਾਣੀ, ਜਵਾਬ ਦਿੱਤਾ ਕਿ ਗੁਰੂਘਰ ਦੇ ਲੰਗਰ ਵਿਚੋਂ ਛੱਕ ਲੈਂਦਾ ਹਾਂ ਤਾਂ ਗੁਰੂ ਜੀ ਨੇ ਇਸ ਤੇ ਕਿਹਾ ਕਿ ਭਾਈ ਮੰਝ ਇਹ ਕੋਈ ਸੇਵਾ ਨਹੀਂ ਇਹ ਤਾਂ ਮਜ਼ਦੂਰੀ ਹੈ ਬਾਲਣ ਲਿਆ ਦਿੱਤਾ ਲੰਗਰ ਛਕ ਲਿਆ। ਦਿਨ ਬੀਤ ਗਿਆ ਤੇ ਸੋਚੀਂ ਪਿਆ ਦੂਜੇ ਦਿਨ ਬਾਲਣ ਲਿਆਂਦਾ ਗਿਆ ਤੇ ਲੰਗਰ ਵਿਚੋਂ ਪ੍ਰਸ਼ਾਦਾ ਨਹੀਂ ਛੱਕਿਆ ਤੇ ਸੰਗਤਾਂ ਦੀ ਬਚੀ ਜੂਠ ਚੁਕ ਕੇ ਖਾਣੀ ਸ਼ੁਰੂ ਕਰ ਦਿੱਤੀ। ਕੁਝ ਦਿਨਾਂ ਬਾਅਦ ਇਹ ਗੱਲ ਗੁਰੂ ਸਾਹਿਬ ਜੀ ਦੇ ਪਾਸ ਪੁਜ ਗਈ । ਗੁਰੂ ਜੀ ਲੰਗਰ ਵਿੱਚ ਆਏ ਤੇ ਭਾਈ ਮੰਝ ਨੂੰ ਕਿਹਾ ਕਿ ਸੇਵਾ ਕਿਵੇਂ ਚਲਦੀ ਹੈ ਤਾਂ ਬਾਲਣ ਲਿਆਉਣ ਦਾ ਜਵਾਬ ਦਿੱਤਾ ਤੇ ਗੁਰੂ ਸਾਹਿਬ ਨੇ ਕਿਹਾ ਲੰਗਰ ਪਾਣੀ, ਸੱਚ ਦੱਸ ਦਿੱਤਾ ਕਿ ਸੰਗਤਾਂ ਦੀ ਬਚੀ ਜੂਠ ਛੱਕ ਕੇ ਗੁਜ਼ਾਰਾ ਕਰ ਲਈਦਾ ਹੈ। ਗੁਰੂ ਸਾਹਿਬ ਜੀ ਫਿਰ ਕਸਵੱਟੀ ਲਾ ਦਿਤੀ ਇਹ ਤਾਂ ਜਾਨਵਰਾਂ ਦੇ ਲਈ ਹੁੰਦੀ ਹੈ ਤੁਸੀਂ ਉਨ੍ਹਾਂ ਦਾ ਹੱਕ ਖਾ ਰਹੇ ਹੋ।
ਭਾਈ ਸਾਹਿਬ ਨੇ ਸੋਚਿਆ ਕਿ ਸੇਵਾ ਅਜੇ ਵੀ ਸਫਲ ਨਹੀਂ ਹੋਈ। ਅਗਲੇ ਦਿਨ ਤੋਂ ਜੰਗਲ ਵਿੱਚੋ ਇੱਕ ਦੀ ਬਜਾਏ ਦੋ ਬਾਲਣ ਦੀਆਂ ਭਰੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆ। ਇਕ ਲੰਗਰ ਵਿੱਚ ਤੇ ਦੂਜੀ ਬਜ਼ਾਰ ਵਿੱਚ ਵੇਚ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਸਮਾਂ ਬੀਤਣ ਨਾਲ ਗੁਰੂ ਜੀ ਦੀ ਕਿਰਪਾ ਹੋਣ ਦਾ ਵਕਤ ਆਇਆ। ਇਕ ਦਿਨ ਜੰਗਲ਼ ਵਿਚੋਂ ਬਾਲਣ ਲੈਕੇ ਆਉਂਦੇ ਸਨ ਕਿ ਮੀਂਹ ਹਨੇਰੀ ਬਹੁਤ ਆ ਗਈ ਅਤੇ ਭੁਲੇਖੇ ਨਾਲ ਖ਼ੂਹ ਵਿਚ ਡਿਗ ਪਏ। ਪਰ ਬਾਲਣ ਦੀ ਭਰੀ ਸਿਰ ਤੋਂ ਨਾ ਡਿਗਣ ਦਿਤੀ। ਇਹ ਸੋਚਦੇ ਹੋਏ ਕਿ ਅਗਰ ਬਾਲਣ ਗਿੱਲਾ ਹੋ ਗਿਆ ਤਾਂ ਗੁਰੂ ਕਾ ਲੰਗਰ ਕਿਵੇਂ ਪੱਕੇਗਾ। ਉਧਰ ਜਾਣੀ ਜਾਣ ਸਤਿਗੁਰੂ ਜੀ ਨੇ ਸੇਵਾਦਾਰਾਂ ਨੂੰ ਅਵਾਜ਼ ਮਾਰੀ ਕਿ ਜਲਦੀ ਰੱਸਾ ਲੈ ਕੇ ਆਉ। ਗੁਰੂ ਸਾਹਿਬ ਜੀ ਨੰਗੇ ਪੈਰੀਂ ਉਸ ਖੂਹ ਵੱਲ ਚੱਲ ਪਏ ਤੇ ਦੇਖਿਆ ਭਾਈ ਮੰਝ ਖ਼ੂਹ ਵਿਚ ਭਰੀ ਸਿਰ ਚੁੱਕੀ ਖੜੇ ਹਨ ਅਤੇ ਜਪੁਜੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ ਤਾਂ ਗੁਰੂ ਜੀ ਨੇ ਰੱਸਾ ਸੁੱਟਿਆ ਭਾਈ ਸਾਹਿਬ ਨੂੰ ਬਾਹਰ ਆਉਣ ਲਈ ਕਿਹਾ ਪਰ ਭਾਈ ਮੰਝ ਜੀ ਨੇ ਕਿਹਾ ਕਿ ਪਹਿਲਾਂ ਗੁਰੂਘਰ ਦੇ ਲੰਗਰ ਦਾ ਬਾਲਣ ਬਾਹਰ ਕੱਢਿਆ ਜਾਵੇ। ਬਾਲਣ ਕੱਢਿਆ ਗਿਆ ਤੇ ਬਾਅਦ ਵਿਚ ਭਾਈ ਮੰਝ ਜੀ ਨੂੰ ਬਾਹਰ ਕੱਢਿਆ ਗਿਆ ਤੇ ਗੁਰੂ ਸਾਹਿਬ ਜੀ ਨੇ ਭਾਈ ਮੰਝ ਜੀ ਨੂੰ ਆਪਣੀ ਜੱਫੀ ਵਿੱਚ ਲੈਕੇ ਕਿ ਭਾਈ ਮੰਝ ਜੀ ਦੱਸੋ ਕੀ ਮੰਗਦੇ ਹੋ। ਭਾਈ ਮੰਝ ਜੀ ਗੁਰੂ ਜੀ ਦੇ ਅੱਗੇ ਬਿਨਾਂ ਬੋਲਿਆਂ ਖੜ੍ਹੇ ਰਹੇ ਗੁਰੂ ਜੀ ਨੇ ਦੂਜਾ ਬਚਨ ਉਚਾਰਿਆ
''ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ ,ਮੰਝ ਗੁਰੂ ਕਾ ਬੋਹਥਾ ਯੱਗ ਲੱਘਣ ਹਾਰਾ''।
ਫਿਰ ਗੁਰੂ ਜੀ ਨੇ ਤੀਜਾ ਬਚਨ ਉਚਾਰਿਆ । ਭਾਈ ਮੰਝ ਜੀ ਗੁਰੂ ਜੀ ਤੋਂ ਆਪਣੇ ਲਈ ਕੁਝ ਵੀ ਨਹੀਂ ਮੰਗਿਆ ਤੇ ਸਾਰੀ ਸੰਗਤ ਲਈ ਮੰਗ ਕੀਤੀ ਕਿ ਗੁਰੂ ਜੀ ਇੰਨੀ ਸਖ਼ਤ ਕਸਵੱਟੀ ਕਿਸੇ ਸਿਖ ਤੇ ਨਾ ਲਗਾਈ ਜਾਵੇ ਤਾ ਗੁਰੂ ਜੀ ਨੇ ਖੁਸ਼ੀ ਪ੍ਰਗਟ ਕੀਤੀ ਤੇ ਭਾਈ ਮੰਝ ਜੀ ਨੂੰ ਗੁਰੂ ਘਰ ਵਿਚੋਂ ਇਕ ਲੋਹ ਬਖਸ਼ਿਸ਼ ਕਰ ਦਿੱਤੀ ਤੇ ਕਿਹਾ ਘਰ ਜਾਓ ਤੇ ਲੰਗਰ ਚਲਾਓ । ਇਹ ਲੋਹ ਅੱਜ ਵੀ ਗੁਰਦੁਆਰਾ ਭਾਈ ਮੰਝ ਜੀ ਪਿੰਡ ਕੰਗ ਮਾਈ ਜ਼ਿਲਾ ਹੁਸ਼ਿਆਰਪੁਰ ਵਿੱਚ ਪਈ ਹੈ। ਤੀਰਥਾ ਮੰਝ ਜੀ ਨੇ ਘਰ ਆ ਸਿਖੀ ਦਾ ਪ੍ਰਚਾਰ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਹੋਣ ਤੇ ਗੁਰੂ ਜੀ ਦੇ ਹੋ ਕੇ ਰਹਿ ਗਏ। ਆਪਣੀ ਅਮੀਰੀ ਛੱਡ ਕੇ ਗੁਰੂ ਕੇ ਲੰਗਰ ਬਣਾਉਣ ਅਤੇ ਸੇਵਾ ਕਰਨ ਲੱਗ ਪਏ। ਭਾਈ ਮੰਝ ਜੀ ਦੇ ਨਾਮ ਨਾਲ ਮਸ਼ਹੂਰ ਹੋ ਗਏ। ਅੱਜ ਉਨ੍ਹਾਂ ਦੇ ਵੰਸ਼ਜ ਪੰਜਾਬ ਵਿੱਚ ਰਹਿੰਦੇ ਹਨ। ਕੁਝ ਹਿੰਦੂ ਧਰਮ ਨੂੰ ਵੀ ਮੰਨਦੇ ਹਨ। ਮੁਸਲਮਾਨ ਮੰਝ ਅੱਜ ਵੀ ਪਾਕਿਸਤਾਨ ਵਿੱਚ ਰਹਿੰਦੇ ਹਨ। ਭਾਈ ਮੰਝ ਜੀ ਦੇ ਵੰਸ਼ਜ ਹਰੇਕ ਸਾਲ ਪਿੰਡ ਠੱਕਰਵਾਲ ਜ਼ਿਲਾ ਹੁਸ਼ਿਆਰਪੁਰ ਵਿੱਚ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਮੇਲਾ ਲਾਉਂਦੇ ਹਨ। ਰਾਜਪੂਤ ਸੂਰਮੇ। (Rajput Soorme)
Comments