ਬੱਬਰ ਨੰਦ ਸਿੰਘ ਘੁੜਿਆਲ (Sidki Soorme)
- Sidki Rajput Soorme
- 16 apr 2020
- Tempo di lettura: 2 min
Aggiornamento: 20 apr 2020

ਬੱਬਰ ਨੰਦ ਸਿੰਘ (1895 - 1926)
ਇਸ ਮਹਾਨ ਬੱਬਰ ਨੰਦ ਸਿੰਘ ਦਾ ਜਨਮ 12 ਅਕਤੂਬਰ 1895 ਵਿੱਚ ਪਿੰਡ ਘੁੜਿਆਲ ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਪਿਤਾ ਸਰਦਾਰ ਰੰਗਾ ਸਿੰਘ ਅਤੇ ਮਾਤਾ ਨਿਹਾਲੀ । ਪੁਰਾਣੇ ਮੋਹਤਵਾਰੀ ਬੰਦੇ ਹੋਣ ਕਰਕੇ ਪਰਿਵਾਰ ਦੀ ਪਿੰਡ ਵਿੱਚ ਕਾਫੀ ਪੁੱਛ ਸੀ। ਅੱਜ ਵੀ ਇਸ ਪਰਿਵਾਰ ਨੂੰ ਬੱਬਰਾਂ ਦੇ ਪਰਿਵਾਰ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਜੀ ਬਚਪਨ ਵਿੱਚ ਹੀ ਵਿਛੋੜਾ ਦੇ ਗਏ । ਉਨ੍ਹਾਂ ਦੀ ਪਾਲਣਾ ਮਾਤਾ ਜੀ ਅਤੇ ਵੱਡੇ ਭਰਾ ਨੇ ਕੀਤੀ । ਪੰਦਰਾਂ ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ। ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਜਿਵੇਂ ਜੱਲਿਆਂਵਾਲਾ ਅਤੇ ਨਨਕਾਣਾ ਸਾਹਿਬ ਦੇ ਕਤਲੇਆਮ ਨੇ ਬੱਬਰ ਨੰਦ ਸਿੰਘ ਨੂੰ ਬਹੁਤ ਡੂੰਘਾ ਪ੍ਰਭਾਵਿਤ ਕੀਤਾ ।
ਗੁਰੂ ਕਾ ਬਾਗ ਅੰਦੋਲਨ ਵਿਚ ਹਿੱਸਾ ਲੈਣ ਲਈ ਛੇ ਮਹੀਨੇ ਦੀ ਕੈਦ ਦੀ ਸਜ਼ਾ ਕੱਟੀ । ਸ਼ਾਂਤਮਈ ਅਕਾਲੀ ਵਲੰਟੀਅਰਾਂ ਉੱਪਰ ਹੋਏ ਅੱਤਿਆਚਾਰ ਨੇ ਉਸ ਦਾ ਜੀਵਨ ਹੀ ਬਦਲ ਕੇ ਰਖ ਦਿੱਤਾ ਅਤੇ ਉਸਨੇ ਹਿੰਸਾ ਦੇ ਹੱਕ ਵਿਚ ਅਹਿੰਸਾ ਨੂੰ ਤਿਆਗਣ ਦਾ ਫੈਸਲਾ ਕਰ ਲਿਆ । ਬੱਬਰ ਅਕਾਲੀ ਲਹਿਰ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅਜ਼ਾਦੀ ਦੀ ਲੜਾਈ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗਾ ।ਜੇਲ੍ਹ ਤੋਂ ਵਾਪਿਸ ਆਉਣ ਤੇ ਆਪ ਦੇ ਵਿਚਾਰ ਕ੍ਰਾਂਤੀਕਾਰੀ ਬਣ ਚੁੱਕੇ ਸਨ। ਪਿੰਡ ਵਿੱਚ ਆਪ ਅਜ਼ਾਦੀ ਪ੍ਰਵਾਨਿਆਂ ਦੀ ਪੁਸਤਕਾਂ ਪੜ੍ਹਦੇ ਤੇ ਲੋਕਾਂ ਨੂੰ ਸੁਣਾਉਂਦੇ ਰਹੇ। ਆਲੇ ਦੁਆਲੇ ਅੰਗਰੇਜ਼ੀ ਸਰਕਾਰ ਕਈ ਝੋਲੀ ਚੁੱਕ ਸਨ ਜੋ ਬੱਬਰਾਂ ਦੀ ਮੁਖਬਰੀ ਕਰ ਕੇ ਆਦਮਪੁਰ ਠਾਣੇ ਦਸਦੇ ਸਨ।
ਨੰਦ ਸਿੰਘ ਨੇ ਇਹਨਾਂ ਨੂੰ ਕਈ ਵਾਰ ਸਮਝਾਇਆ ਕਿ ਆਪਣੇ ਭਰਾਵਾਂ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਪ੍ਰੰਤੂ ਇਹ ਲੋਕ ਆਪਣੇਂ ਕੰਮ ਤੋਂ ਬਾਜ਼ ਨਹੀਂ ਆਏ। ਇਹਨਾਂ ਮੁਖਬਰਾਂ ਦਾ ਲੀਡਰ ਸੂਬੇਦਾਰ ਗੇਂਦਾ ਸਿੰਘ ਸੀ ਜੋ ਹਰ ਸਮੇਂ ਵਿਰੋਧਤਾ ਕਰਦਾ ਰਹਿੰਦਾ ਸੀ। ਉਸਨੂੰ ਸਰਕਾਰ ਵਲੋਂ ਬੰਦੂਕ ਵੀ ਮਿਲੀ ਹੋਈ ਸੀ। ਪਿੰਡ ਵਿੱਚ ਪੁਲਿਸ ਚੌਂਕੀ ਪਵਾਉਣਾਂ ਵੀ ਉਸ ਦਾ ਹੀ ਕੰਮ ਸੀ। ਉਹ ਅਕਸਰ ਕਿਹਾ ਕਰਦਾ ਸੀ,”ਬੱਬਰਾਂ ਨੇ ਮੇਰਾ ਕੀ ਵਿਗਾੜ ਦੇਣਾਂ ਹੈ ਮੈਂ ਵੀ ਫੋਜੀ ਹਾਂ ਅਤੇ ਮੈਨੂੰ ਇਹਨਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀ।”
ਦੂਜੇ ਪਾਸੇ ਦੇਸ਼ ਧਰੋਹੀ ਹੋਣ ਕਾਰਨ ਬੱਬਰ ਵੀ ਇਸ ਤੇ ਨਿਗ੍ਹਾ ਰੱਖਦੇ ਸਨ। ਅੰਤ ਬੱਬਰਾਂ ਨੇ ਰਾਜੋਵਾਲ ਪਿੰਡ ਨੇੜੇ, ਨਸਰਾਲਾ ਚੋਅ ਦੇ ਕੰਢੇ ਸੰਤ ਠਾਕਰ ਸਿੰਘ ਦੀ ਕੁਟੀਆ ਵਿੱਚ 16 ਅਪ੍ਰੈਲ,1923 ਨੂੰ ਮੀਟਿੰਗ ਕਰਕੇ ਸੂਬੇਦਾਰ ਗੇਂਦਾ ਸਿੰਘ ਨੂੰ ਸੋਧਣ ਦਾ ਮਤਾ ਪਾਸ ਕੀਤਾ। ਇਸ ਮਕਸਦ ਦੀ ਪੂਰਤੀ ਲਈ ਬੱਬਰ ਨੰਦ ਸਿੰਘ ਦੀ ਡਿਊਟੀ ਲਗਾਈ ਗਈ ਕਿ ਉਹ ਸੂਬੇਦਾਰ ਦੇ ਟਿਕਾਣੇ ਦਾ ਪਤਾ ਕਰੇ। ਉਸ ਨੇ ਉਸੇ ਦਿਨ ਬੱਬਰਾਂ ਨੂੰ ਦਸਿੱਆ ਕਿ ਸੂਬੇਦਾਰ ਪਿੰਡ ਡਰੋਲੀ ਕਲਾਂ ਵਾਲੇ ਪਾਸੇ ਜੱਬੜ ਨੇੜੇ ਮੱਝਾਂ ਚਰਾ ਰਿਹਾ ਹੈ। ਜਦੋਂ ਬੱਬਰਾਂ ਨੇਂ ਉਸ ਦਾ ਪਿੱਛਾ ਕੀਤਾ ਤਾਂ ਦੱਸੇ ਹੋਏ ਟਿਕਾਣੇਂ ਤੇ ਸੂਬੇਦਾਰ ਉਹਨਾਂ ਨੂੰ ਨਾਂ ਮਿਲਿਆ। ਦੂਜੇ ਦਿਨ ਭਾਵ 17 ਅਪ੍ਰੈਲ,1923 ਨੂੰ ਸੂਬੇਦਾਰ ਪਿੰਡ ਦੇ ਕੁੱਝ ਆਦਮੀਆਂ ਸਮੇਤ ਮੰਜੇ ਤੇ ਬੈਠਾ ਸੀ। ਪਤਾ ਲੱਗਣ ‘ਤੇ ਬੱਬਰ ਉੱਥੇ ਪੁੱਜ ਗਏ ਤੇ ਉਸ ਨੂੰ ਕਿਹਾ, ”ਜਾ ਆਪਣੀਂ ਬੰਦੂਕ ਲੈ ਆ, ਜਿਹੜੀ ਤੈਨੂੰ ਆਦਮਪੁਰ ਥਾਣੇਂ ‘ਚੋਂ ਮਿਲੀ ਹੈ।” ਉਸੇ ਸਮੇਂ ਨੰਦ ਸਿੰਘ ਅਤੇ ਸਾਥੀਆਂ ਨੇ ਸੂਬੇਦਾਰ ਨੂੰ ਥਾਂ ਤੇ ਹੀ ਗੋਲੀਆਂ ਮਾਰ ਖਤਮ ਕਰ ਦਿੱਤਾ। ਬੱਬਰਾਂ ਨੇ ਉਸਦੀ ਪਤਨੀ ਨੂੰ ਕੁੱਝ ਨਹੀਂ ਕਿਹਾ। ਸਾਰੇ ਪਾਸੇ ਰੌਲਾ ਪੈ ਗਿਆ। ਪੁਲਿਸ ਨੇਂ ਪੁੱਛ ਗਿੱਛ ਆਰੰਭ ਕਰ ਦਿੱਤੀ । 25 ਅਪ੍ਰੈਲ 1923 ਨੂੰ ਬੱਬਰ ਨੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਆਦਮਪੁਰ ਥਾਣੇਂ ਲਿਜਾ ਕੇ ਉਸਨੂੰ ਤਸੀਹੇ ਦਿੱਤੇ ਗਏ। ਕੁੱਝ ਦਿਨਾਂ ਬਾਅਦ ਆਦਮਪੁਰ ਥਾਣੇਂ ਤੋਂ ਲਾਹੌਰ ਤਬਦੀਲ ਕਰ ਦਿੱਤਾ। ਅਦਾਲਤ ਵਿੱਚ ਮੁਕੱਦਮਾ ਚੱਲਿਆ। ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਅਖੀਰ 27 ਫਰਵਰੀ 1926 ਨੂੰ ਮਹਾਨ ਬੱਬਰ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ।
Comments