ਬੰਦਾ ਸਿੰਘ ਬਹਾਦਰ ( ਮਾਧੋ ਦਾਸ ਬੈਰਾਗੀ ) ( Rajput Soorme )
- Sidki Rajput Soorme
- 15 apr 2020
- Tempo di lettura: 5 min
Aggiornamento: 20 apr 2020
ਬੰਦਾ ਸਿੰਘ ਬਹਾਦਰ (ਲਛਮਣ ਦੇਵ) ਦਾ ਜਨਮ 27 ਅਕਤੂਬਰ 1670 ਨੂੰ ਜੰਮੂ ਦੇ ਰਾਜੋਰੀ ਵਿੱਚ ਇੱਕ ਰਾਜਪੂਤ ਪਰਿਵਾਰ ਵਿੱਚ ਹੋਇਆ। ਜਿਵੇ ਕਿ ਸ਼ਿਕਾਰ ਖੇਡਣਾ ਰਾਜਪੂਤਾਂ ਦਾ ਪਹਿਲਾ ਸ਼ੋਕ ਸੀ। ਇਸ ਨਾਲ ਘੁੜ-ਚੜ੍ਹੀ ਅਤੇ ਨਿਸ਼ਾਨੇਵਾਜੀ ਵਿੱਚ ਪਰਪੱਕਤਾ ਆਉਂਦੀ ਸੀ। ਇਸੇ ਤਰਾਂ 15 ਸਾਲ ਦੀ ਉਮਰ ਵਿਚ ਇੱਕ ਦਿਨ ਬੰਦਾ ਸਿੰਘ ਬਹਾਦਰ ਸ਼ਿਕਾਰ ਖੇਡਣ ਗਿਆ, ਇੱਕ ਮ੍ਰਿਗਣੀ ਦਾ ਪਿੱਛਾ ਕੀਤਾ ਅਤੇ ਤੀਰ ਮਾਰ ਦਿੱਤਾ। ਜਦੋਂ ਸ਼ਿਕਾਰ ਚੁੱਕਣ ਲਈ ਨਜ਼ਦੀਕ ਗਿਆ ਤਾਂ ਉਸ ਨੇ ਦੇਖਿਆ ਕਿ ਤੀਰ ਮ੍ਰਿਗਣੀ ਦੇ ਢਿੱਡ ਵਿੱਚ ਲੱਗਾ ਸੀ। ਜਿਸ ਨਾਲ ਢਿੱਡ ਪਾਟ ਗਿਆ। ਮ੍ਰਿਗਣੀ ਜਿਸ ਦੇ ਢਿੱਡ ਵਿੱਚ ਬੱਚੇ ਸਨ, ਸਹਿਕ ਸਹਿਕ ਕੇ ਮਰ ਗਈ ਅਤੇ ਬੱਚੇ ਵੀ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ। ਬੰਦਾ ਸਿੰਘ ਬਹਾਦਰ ਦਾ ਮਨ ਬਹੁਤ ਖਰਾਬ ਹੋਇਆ। ਉਸ ਨੇ ਰਾਜਪੂਤਾਂ ਵਾਲੀਆਂ ਆਦਤਾਂ ਛੱਡ ਕੇ ਅਧਿਆਤਮਿਕ ਜੀਵਨ ਜਿਉਣ ਦਾ ਫੈਸਲਾ ਕਰ ਲਿਆ। ਉਸ ਦੀ ਮੁਲਾਕਾਤ ਸਾਧੂ ਜਾਨਕੀ ਦਾਸ ਨਾਲ ਹੋਈ ਜਿਸ ਨੇ ਉਸ ਨੂੰ ਆਪਣੀ ਟੋਲੀ ਵਿੱਚ ਸ਼ਾਮਿਲ ਕਰ ਲਿਆ ਅਤੇ ਉਸ ਦਾ ਨਾਮ ਮਾਧੋ ਦਾਸ ਬੈਰਾਗੀ ਰੱਖ ਦਿੱਤਾ।

ਬਾਬਾ ਬੰਦਾ ਸਿੰਘ ਬਹਾਦਰ ਫਿਰ ਦੱਖਣ ਵੱਲ ਚਲਾ ਗਿਆ ਅਤੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾ ਕੇ ਭਗਤੀ ਕਰਨ ਲੱਗਾ। ਗੁਰੂ ਗੋਬਿੰਦ ਸਿੰਘ ਜੀ ਉਸ ਦੇ ਆਸ਼ਰਮ ਵਿੱਚ ਗਏ, ਮਾਧੋ ਦਾਸ ਵੈਰਾਗੀ ਆਸ਼ਰਮ ਵਿੱਚ ਨਹੀਂ ਸੀ। ਗੁਰੂ ਜੀ ਉਸ ਦੇ ਪਲੰਘ ਤੇ ਬੈਠ ਗਏ। ਜਦੋਂ ਮਾਧੋ ਦਾਸ ਬੈਰਾਗੀ ਨੇ ਵਾਪਸ ਆ ਕੇ ਕਿਸੇ ਅਜਨਬੀ ਨੂੰ ਆਪਣੇ ਪਲੰਘ ਤੇ ਬੈਠੇ ਦੇਖ ਬਹੁਤ ਗੁੱਸੇ ਵਿੱਚ ਆਇਆ ਅਤੇ ਪਲੰਘ ਖਾਲੀ ਕਰਨ ਲਈ ਕਿਹਾ। ਗੁਰੂ ਜੀ ਤੇ ਕੋਈ ਅਸਰ ਨਾ ਹੁੰਦਾ ਦੇਖ ਉਸ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੀ ਵਰਤੋਂ ਕੀਤੀ। ਪਰ ਗੁਰੂ ਜੀ ਤੇ ਕੋਈ ਅਸਰ ਨਾ ਹੋਇਆ। ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਦੱਸੋ ਤੁਸੀਂ ਕੌਣ ਹੋ ? ਗੁਰੂ ਜੀ ਨੇ ਸਾਰੀ ਕਹਾਣੀ ਦੱਸੀ ਅਤੇ ਉਸ ਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਕੇ ਪੰਜਾਬ ਭੇਜਿਆ। ਨਾਲ ਆਪਣੇ ਪੰਜ ਤੀਰ ਅਤੇ ਪੰਜ ਸਿੰਘ ਦਿੱਤੇ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਕੋਲੋਂ ਥਾਪੜਾ ਲੈ ਕੇ ਗੁਰੂ ਸਾਹਿਬ ਦੇ ਮਿਸ਼ਨ ‘ਧਰਮ ਚਲਾਵਨ ਸੰਤ ਉਬਾਰਨ, ਦੁਸਟ ਸਭਨ ਕੋ ਮੂਲ ਉਪਾਰਨ’ ਤਹਿਤ ਜ਼ਾਲਮ ਮੁਗਲ ਹਕੂਮਤ ਦੀ ਇੱਟ ਨਾਲ ਇੱਟ ਖੜਕੌਣ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਪਰਤਿਆ। ਪਹਿਲੀ ਵਾਰ ਪੰਜਾਬ ਦੀ ਧਰਤੀ ਉੱਪਰ ਸਿੱਖ ਰਾਜ ਕਾਇਮ ਕੀਤਾ ਸੀ। ਸਿੱਖ ਕੌਮ ਦੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੀ ਦਾਸਤਾਨ ਸੁਨਿਹਰੀ ਅੱਖਰਾਂ ਵਿੱਚ ਉਕਰੀ ਪਈ ਹੈ, ਜਿਸ ਨੂੰ ਪੜ੍ਹ ਕੇ ਅੱਜ ਵੀ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿਰਫ 8 ਕੁ ਸਾਲਾਂ ਦੇ ਛੋਟੇ ਜਿਹੇ ਸਮੇਂ ਅੰਦਰ ਸਦੀਆਂ ਤੋਂ ਸਥਾਪਤ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਇੱਕ ਨਵੀਂ ਬਾਦਸ਼ਾਹੀ ਸਥਾਪਤ ਕਰ ਦਿੱਤੀ ਸੀ। ਪਰ ਫਿਰ ਭੀ ਆਪ ਬਾਦਸ਼ਾਹ ਨਹੀਂ ਬਣਿਆ। ਭਾਈ ਬਾਜ ਸਿੰਘ ਨੂੰ ਰਾਜਾ ਬਣਾਇਆ ਅਤੇ ਨਾਨਕ ਨਾਮ ਦਾ ਪਹਿਲਾ ਸਿੱਕਾ ਚਲਾਇਆ।ਪੰਜਾਬ ਦਾ ਇੱਕ ਬਹੁਤ ਵੱਡਾ ਹਿੱਸਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਆ ਗਿਆ।
ਸਭ ਤੋਂ ਪਹਿਲਾਂ ਉਸ ਨੇ ਜ਼ਿਮੀਦਾਰੀ ਪ੍ਰਥਾ ਖਤਮ ਕੀਤੀ। ਜੋ ਸਦੀਆਂ ਤੋਂ ਚੱਲ ਰਹੀ ਸੀ। ਜਮੀਨਾਂ ਦੇ ਮਲਿਕ ਜਿਆਦਾਤਰ ਰਾਜਪੂਤ ਸ਼੍ਰੇਣੀ ਨਾਲ ਸੰਬੰਧਿਤ ਸਨ। ਮੁਗ਼ਲ ਰਾਜ ਆਉਣ ਤੇ ਵੀ ਮੁਗਲ ਹਕੂਮਤ ਨੇ ਜਿਆਦਾਤਰ ਜਮੀਨਾਂ ਦੇ ਕਬਜੇ ਰਾਜਪੂਤ ਜਿਮੀਦਾਰਾਂ ਕੋਲ ਹੀ ਰਹਿਣ ਦਿੱਤੇ। ਹਕੂਮਤ ਸਿਰਫ ਮਾਮਲਾ ਉਗਰਾਹੀ ਕਰਦੀ ਸੀ। ਕਾਮੀ ਲੋਕਾਂ ਨੂੰ ਮਜ਼ਾਰੇ ਕਿਹਾ ਜਾਂਦਾ ਸੀ ਜੋ ਬਾਦ ਵਿੱਚ ਜੱਟ ਕਹਾਉਣ ਲੱਗ ਪਏ। ਇਹ ਲੋਕ ਢਾਣੀਆਂ ਵਿੱਚ ਰਹਿੰਦੇ ਸਨ। ਇਨ੍ਹਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ। ਥੋੜੇ ਜਿਹੇ ਸਮੇਂ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਵੱਡੀਆਂ ਜਿੱਤਾਂ ਦਰਜ ਕੀਤੀਆਂ ਪਰ ਸਮਾਂ ਘੱਟ ਹੋਣ ਕਾਰਨ ਉਹ ਇਸ ਸਮੇਂ ਖਾਲਸਾ ਰਾਜ ਦੀਆਂ ਕੋਈ ਬਹੁਤੀਆਂ ਯਾਦਗਾਰਾਂ ਨਾ ਉਸਾਰ ਸਕੇ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਜੋ ਇੱਕ ਦੋ ਉਸਾਰੀਆਂ ਕੀਤੀਆਂ ਗਈਆਂ ਸਨ, ਉਹ ਵੀ ਕੌਮ ਦੀ ਨਾਲਾਇਕੀ ਅਤੇ ਅਣਗਿਹਲੀ ਕਾਰਨ ਤਬਾਹ ਹੋ ਗਈਆਂ ਹਨ। ਭਾਂਵੇ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਾਹਦਰ ਦੀ ਜਿੱਤ ਦੇ ਨਿਸ਼ਾਨ ਤਾਂ ਹਮੇਸ਼ਾਂ ਝੁੱਲਦੇ ਰਹਿਣਗੇ ਪਰ ਜਿੱਤ ਦੇ ਥਾਵਾਂ ਉੱਪਰ ਕੋਈ ਨਿਸ਼ਾਨ ਨਾ ਰਹਿਣਾ ਬੇਹੱਦ ਦੁੱਖਦਾਈ ਹੈ।
ਬਾਬਾ ਬੰਦਾ ਸਿੰਘ ਬਹਾਦੁਰ ਵਲੋਂ ਸੰਨ 1715 ਨੂੰ ਬਟਾਲਾ ਤੋਂ 13 ਕਿਲੋ ਮੀਟਰ ਦੂਰ ਪਿੰਡ ਮਿਰਜਾ ਜਾਨ ਵਿਖੇ ਇੱਕ ਕਿਲ੍ਹੇ ਦੀ ਉਸਾਰੀ ਕਰਾਈ ਗਈ ਸੀ, ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਖਾਲਸਾ ਫੌਜਾਂ ਨੇ ਬੜੀ ਬਹਾਦਰੀ ਨਾਲ ਮੁਗਲ ਫੌਜਾਂ ਨਾਲ ਟਾਕਰਾ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਇਸ ਕਿਲ੍ਹੇ ਦੀ ਕੌਮ ਵਲੋਂ ਕੋਈ ਸੰਭਾਲ ਨਹੀਂ ਕੀਤੀ ਗਈ ਜਿਸ ਕਾਰਨ ਇਹ ਕਿਲ੍ਹਾ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਇਸਦੀਆਂ ਕੁਝ ਕੁ ਟੁੱਟੀਆਂ ਹੋਈਆਂ ਬਾਹਰੀ ਦੀਵਾਰਾਂ ਹੀ ਇਥੇ ਕਦੀ ਕਿਲ੍ਹਾ ਹੋਣ ਦੀ ਤਸਬੀਹ ਦਿੰਦੀਆਂ ਹਨ।
ਸੰਨ 1715 ਦਾ ਸਮਾਂ ਸੀ। ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘਾਂ ਦੇ ਮੁੜ ਪੰਜਾਬ ਵਿੱਚ ਆ ਨਿਕਲਣ ਅਤੇ ਉਨ੍ਹਾਂ ਦੀਆਂ ਜਿੱਤਾਂ ਦੀਆਂ ਖਬਰਾਂ ਲਗਾਤਾਰ ਦਿੱਲੀ ਪੁੱਜਣ ਲੱਗ ਪੈਣ ਨਾਲ ਮੁਗਲ ਬਾਦਸ਼ਾਹ ਫ਼ਰੁੱਖਸੀਅਰ ਘਾਬਰ ਉੱਠਿਆ। ਸ਼ਾਹੀ ਦਰਬਾਰ ਦੇ ਅਮੀਰਾਂ, ਵਜ਼ੀਰਾਂ ਵਿੱਚ ਤਰਥੱਲੀ ਮੱਚ ਗਈ। ਲਾਹੌਰ ਦਾ ਸੂਬੇਦਾਰ ਅਬਦਸਮਦ ਖਾਨ ਵੀ ਲਾਹੌਰ ਹੀ ਬੈਠਾ ਰਿਹਾ ਕਿਉਂਕਿ ਉਹ ਬੰਦਾ ਸਿੰਘ ਬਹਾਦਰ ਨਾਲ ਸਿੱਧੀ ਟੱਕਰ ਲੈਣ ਤੋਂ ਡਰਦਾ ਸੀ। ਜਦੋਂ 14 ਮਾਰਚ 1715 ਨੂੰ ਬਾਦਸ਼ਾਹ ਫ਼ਰੁੱਖਸੀਅਰ ਨੂੰ ਇਹ ਖਬਰ ਪੁੱਜੀ ਕਿ ਬੰਦਾ ਸਿੰਘ ਨੇ ਕਲਾਨੌਰ, ਬਟਾਲਾ ਅਤੇ ਰਾਏਪੁਰ ਉੱਪਰ ਕਬਜ਼ਾ ਕਰ ਲਿਆ ਹੈ ਤਾਂ ਬਾਦਸ਼ਾਹ ਨੇ ਤੁਰੰਤ ਲਾਹੌਰ ਦੇ ਸੂਬੇਦਾਰ ਨੂੰ ਤਾੜਨਾ ਭਰਿਆ ਪੱਤਰ ਲਿਖਿਆ ਕਿ ਉਹ ਜਿਥੇ ਕਿਤੇ ਵੀ ਹੋਵੇ ਇੱਕ ਦਮ ਬੰਦਾ ਸਿੰਘ ਵਿਰੁੱਧ ਚਲਾ ਜਾਵੇ। ਇਸਦੇ ਨਾਲ ਹੀ ਬਾਦਸ਼ਾਹ ਨੇ ਕਰਮੁੱਦੀਨ, ਅਫ਼ਰਾਸਿਆਬ ਖਾਨ, ਮੁਜ਼ੱਫ਼ਰ ਖਾਨ, ਅਤੇ ਹੋਰ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਰਦਾਰਾਂ ਨੂੰ ਹੁਕਮ ਕੀਤਾ ਕਿ ਉਹ ਆਪਣੀ ਫੌਜਾਂ ਤਿਅਰ ਕਰਕੇ ਅਬਦਸਮਦ ਖਾਨ ਦੀ ਸਹਾਇਤਾ ਲਈ ਪੰਜਾਬ ਨੂੰ ਜਾਣ। ਇਸਦੇ ਨਾਲ ਹੀ ਬਾਦਸ਼ਾਹੀ ਪਰਵਾਨੇ ਪੰਜਾਬ ਦੇ ਕਈ ਫ਼ੌਜਦਾਰਾਂ ਅਤੇ ਜਗੀਰਦਾਰਾਂ ਦੇ ਨਾਉਂ ਵੀ ਜਾਰੀ ਹੋਏ ਕਿ ਉਹ ਆਪਣੀਆਂ ਫ਼ੌਜਾਂ ਲੈ ਕੇ ਅਬਦੁੱਸਮੱਦ ਖਾਨ ਦੇ ਲਸ਼ਕਰ ਵਿੱਚ ਸ਼ਾਮਲ ਹੋਣ। ਇਨ੍ਹਾਂ ਹੁਕਮਾਂ ਤਹਿਤ ਗੁਜਰਾਤ ਦੇ ਫ਼ੌਜਦਾਰ ਮਿਰਜ਼ਾ ਅਹਿਮਦ ਖਾਨ, ਐਮਨਾਬਾਦ ਦਾ ਫ਼ੌਜਦਾਰ ਇਰਾਦਤਮੰਦ ਖਾਨ, ਔਰੰਗਾਬਾਦ ਅਤੇ ਪਸਰੂਰ ਦਾ ਨੂਰ ਮੁਹੰਮਦ ਖਾਨ, ਬਟਾਲੇ ਦਾ ਸ਼ੇਖ ਮੁਹੰਮਦ ਦਾਇਮ, ਹੈਬਤਪੁਰ ਪੱਟੀ ਦਾ ਸੱਯਦ ਹਫ਼ੀਜ਼ ਅਲੀ ਖਾਨ, ਕਲਾਨੌਰ ਦਾ ਸੁਹਰਾਬ ਖਾਨ, ਕਾਂਗੜੇ ਦਾ ਰਾਜਾ ਹਮੀਰ ਚੰਦ ਕਟੋਚੀਆ, ਧਰੁਵ ਦੇਵ ਜਸਰੋਟੀਏ ਦਾ ਪੁੱਤਰ ਹਰਦੇਵ ਆਦਿ ਲਾਹੌਰ ਜਮ੍ਹਾਂ ਹੋ ਗਏ। ਲਾਹੌਰ ਦੇ ਨਾਇਬ ਨਾਜ਼ਮ (ਸੂਬੇਦਾਰ) ਆਰਿਫ਼ ਬੇਗ ਨੇ ਸ਼ਹਿਰੋਂ ਬਾਹਰ ਨਿਕਲ ਕੇ ਸ਼ਾਹ-ਗੰਜ ਦੇ ਲਾਗੇ ਡੇਰਾ ਲਾ ਲਿਆ।
19 ਮਾਰਚ 1715 ਨੂੰ ਮੁਗਲ ਬਾਦਸ਼ਾਹ ਫ਼ਰੁੱਖਸੀਅਰ ਨੂੰ ਦਿੱਲੀ ਵਿਖੇ ਮੁੜ ਇਹ ਖਬਰ ਪੁੱਜੀ ਕਿ ਸਿੱਖ ਕੁਝ ਪਰਗਣਿਆਂ ਵਿੱਚ ਬੈਠੇ ਹੋਏ ਹਨ ਅਤੇ ਲਾਹੌਰ ਸ਼ਹਿਰ ਤੋਂ ਬਾਰਾਂ ਕੋਹਾਂ ਤੱਕ ਆ ਪੁੱਜੇ ਹਨ, ਇਸ ਜ਼ਿਲ੍ਹੇ ਦੇ ਫ਼ੌਜਦਾਰ ਦੌੜ ਗਏ ਹਨ, ਲੋਕ ਹੋਰ ਪਰਗਣਿਆਂ ਅਤੇ ਸ਼ਹਿਰਾਂ ਵੱਲ ਦੌੜ ਰਹੇ ਹਨ ਅਤੇ ਉਨ੍ਹਾਂ ਥਾਂਈਂ ਸਿੰਘ ਆਪਣੇ ਕਬਜ਼ੇ ਅਤੇ ਅਮਲਦਾਰੀ ਕਾਇਮ ਕਰ ਰਹੇ ਹਨ।ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਵੀ ਲਾਹੌਰ ਵਿੱਚ ਹੋ ਰਹੀਆਂ ਤਿਆਰੀਆਂ ਤੋਂ ਬੇਖਬਰ ਨਹੀਂ ਸੀ। ਇਸ ਲਈ ਉਸਨੇ ਬਟਾਲਾ ਅਤੇ ਕਲਾਨੌਰ ਦੇ ਵਿਚਕਾਰ ਪਿੰਡ ਮਿਰਜਾ ਜਾਨ ਵਿਖੇ ਇੱਕ ਕੱਚੀ ਗੜ੍ਹੀ (ਕਿਲ੍ਹਾ) ਬਣਾਉਣ ਦਾ ਫੈਸਲਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਅਤੇ ਇਲਾਕੇ ਦੇ ਰਾਜ ਮਿਸਤਰੀਆਂ ਨੇ ਦਿਨ ਰਾਤ ਇੱਕ ਕਰਕੇ ਮਿਰਜਾ ਜਾਨ ਪਿੰਡ ਵਿੱਚ ਇੱਕ ਉੱਚੀ ਥਾਂ ਉੱਪਰ ਕਰੀਬ ਇੱਕ ਏਕੜ ਕੁ ਥਾਂ ਵਿੱਚ ਕਿਲ੍ਹੇ ਦੀ ਉਸਾਰੀ ਅਰੰਭ ਕਰ ਦਿੱਤੀ। ਕਿਲ੍ਹੇ ਦੀ ਉਸਾਰੀ ਲਈ ਨਾਨਕਸ਼ਾਹੀ ਇੱਟ ਦੀ ਵਰਤੋਂ ਕੀਤੀ ਗਈ ਪਰ ਕੰਧਾਂ ਦੀ ਚਿਣਾਈ ਮਿੱਟੀ ਦੇ ਗਾਰੇ ਨਾਲ ਕੀਤੀ ਗਈ। ਅਜੇ ਕਿਲ੍ਹੇ ਦੀ ਕੰਧਾਂ ਦੀ ਉਸਾਰੀ ਹੀ ਹੋਈ ਸੀ ਅਤੇ ਕਿਲ੍ਹੇ ਤੋਂ ਬਾਹਰਵਾਰ ਰੋਕਾਂ ਪੂਰੀ ਤਰ੍ਹਾਂ ਨਹੀਂ ਬਣੀਆਂ ਸਨ ਕਿ ਲਾਹੌਰ ਦੇ ਸੂਬੇਦਾਰ ਅਬਦਸਮਦ ਖਾਨ ਅਤੇ ਨਾਇਬ ਸੂਬੇਦਾਰ ਆਰਿਫ਼ ਬੇਗ ਦੀ ਕਮਾਨ ਹੇਠ ਉਪਰੋਕਤ ਫ਼ੌਜਦਾਰਾਂ ਦੀਆਂ ਮਿਲਵੀਆਂ ਫ਼ੌਜਾਂ ਨੇ ਪਿੰਡ ਮਿਰਜਾ ਜਾਨ ਦੇ ਕਿਲ੍ਹੇ ਵਿੱਚ ਸਿੰਘਾਂ ਉੱਪਰ ਹਮਲਾ ਬੋਲ ਦਿੱਤਾ। ਇਸ ਕਿਲ੍ਹੇ ਤੋਂ ਸਿੰਘਾਂ ਨੇ ਬੜੀ ਬਹਾਦਰੀ ਨਾਲ ਮੁਗਲ ਅਤੇ ਇਨ੍ਹਾਂ ਦੀਆਂ ਹੋਰ ਸਹਾਇਕ ਫ਼ੌਜਾਂ ਦਾ ਮੁਕਾਬਲਾ ਕੀਤਾ। ਮੁਗਲ ਫ਼ੌਜਾਂ ਦੀਆਂ ਤੋਪਾਂ ਦੇ ਗੋਲਿਆਂ ਨੇ ਬੰਦਾ ਸਿੰਘ ਬਹਾਦਰ ਨੂੰ ਮੋਰਚਾ ਛੱਡ ਕੇ ਖੁੱਲ੍ਹੇ ਮੈਦਾਨ ਵਿੱਚ ਆਉਣ ਲਈ ਮਜ਼ਬੂਰ ਕਰ ਦਿੱਤਾ। ਬੰਦਾ ਸਿੰਘ ਬਾਹਦਰ ਅਤੇ ਉਸਦੀਆਂ ਖਾਲਸਾਈ ਫ਼ੌਜਾਂ ਮੈਦਾਨ-ਏ-ਜੰਗ ਵਿੱਚ ਡਟ ਗਈਆਂ ਅਤੇ ਅਬਦਸਮਦ ਖਾਨ ਨੂੰ ਬੜੀ ਹੈਰਾਨੀ ਹੋਈ ਜਦੋਂ ਖਾਲਸੇ ਨੇ ਉਸਦੀ ਬਹੁਤ ਵੱਡੀ ਸੈਨਾ ਨੂੰ ਹਰਾ ਦਿੱਤਾ। ਬੰਦੇ ਦੇ ਅਚਾਨਕ ਹਮਲੇ ਦੇ ਝਟਕੇ ਤੋਂ ਉਭਰਨ ਪਿਛੋਂ ਅਤੇ ਉਨ੍ਹਾਂ ਦੇ ਹੱਕ ਵਿੱਚ ਲੜਾਈ ਦਾ ਰੁਖ ਹੋਣ ’ਤੇ ਵੀ ਮੁਗਲ ਲੜਾਈ ਨੂੰ ਆਪਣੀ ਜਿੱਤ ਵਿੱਚ ਨਾ ਬਦਲ ਸਕੇ। ਇਸ ਜੰਗ ਵਿਚ ਮੁਗਲ ਫੌਜ ਦਾ ਭਾਰੀ ਨੁਕਸਾਨ ਹੋਇਆ ਅਤੇ ਕਈ ਸਿੰਘ ਵੀ ਸ਼ਹੀਦ ਹੋਏ। ਬੰਦਾ ਸਿੰਘ ਬਹਾਦਰ ਅਤੇ ਖਾਲਸਾ ਫ਼ੌਜਾਂ ਬੜੀ ਬਹਾਦਰੀ ਨਾਲ ਲੜਦੀਆਂ ਪਿੱਛੇ ਹੱਟਦੀਆਂ ਗਈਆਂ ਅਤੇ ਅਖੀਰ ਉਨ੍ਹਾਂ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਜਾ ਟਿਕਾਣਾ ਕੀਤਾ। ਗੁਰਦਾਸ ਨੰਗਲ ਦੀ ਗੜ੍ਹੀ ਦੁਆਲੇ ਮੁਗਲਈਆ ਫ਼ੌਜਾਂ ਨੇ 8 ਮਹੀਨੇ ਘੇਰਾ ਪਾਈ ਰੱਖਿਆ। ਜੋ ਅੰਦਰ ਰਾਸ਼ਣ ਸੀ ਉਹ ਖਤਮ ਹੋ ਗਿਆ। ਬੰਦਾ ਸਿੰਘ ਬਹਾਦਰ ਨੇ ਦਰਬਾਰ ਸਾਹਿਬ ਅਮ੍ਰਿਤਸਰ ਨੂੰ ਕਈ ਸੁਨੇਹੇ ਭੇਜੇ ਕਿ ਖਾਧ ਸਮੱਗਰੀ ਭੇਜੀ ਜਾਵੇ। ਪਰ ਦਰਬਾਰ ਸਾਹਿਬ ਤੇ ਤੱਤ ਖਾਲਸੇ ਦਾ ਕਬਜਾ ਹੋ ਗਿਆ ਸੀ। ਜੋ ਸਿੱਖ ਹੁੰਦੇ ਹੋਏ ਵੀ ਬੰਦਾ ਸਿੰਘ ਬਹਾਦਰ ਦੇ ਵਿਰੋਧੀ ਸਨ। ਅਖੀਰ 17 ਦਸੰਬਰ 1715 ਨੂੰ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਖੀਰ ਦਿੱਲੀ ਲਿਜਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
Comments