ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ (20ਵੀਂ ਸਦੀ ਦਾ ਅਕਾਲੀ ਫੂਲਾ ਸਿੰਘ) (Rajput Soorme)
- Sidki Rajput Soorme
- 16 apr 2020
- Tempo di lettura: 10 min
Aggiornamento: 9 mag 2020

ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ
ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਇੱਕ ਸਿਦਕੀ, ਨਿਡਰ ਜਥੇਦਾਰ ਅਤੇ ਤੀਖਣ ਸੋਚ ਵਾਲੇ ਧਾਰਮਿਕ ਆਗੂ ਵਜੋਂ ਜਾਣੇ ਜਾਂਦੇ ਹਨ । ਜਿਨ੍ਹਾਂ ਦਾ ਜਨਮ ਇੱਕ ਸਿੱਖ ਰਾਜਪੂਤ ਪਰਮਾਰ ਘਰਾਣੇ ਵਿੱਚ ਹੋਇਆ। ਜਥੇਦਾਰ ਗਿਆਨੀ ਗੁਰਦਿਆਲ ਸਿੰਘ ਜੀ ਦਾ ਜਨਮ ਪਿੰਡ ਅਜਨੋਹਾ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 27 ਦਸੰਬਰ 1927 ਹੋਇਆ। ਪਿਤਾ ਸਰਦਾਰ ਹਾਕਮ ਸਿੰਘ ਅਤੇ ਮਾਤਾ ਸਰ
ਦਾਰਨੀ ਨਿਰੰਜਨ ਕੌਰ ਸਨ । ਆਪਣੇ ਪੁਰਖਿਆਂ ਦੀ ਸੇਧ ਅਨੁਸਾਰ ਗੁਰੂ ਨਾਨਕ ਦੇ ਅਨੁਆਈ ਸਨ। ਇਹ ਹੀ ਕਾਰਨ ਹੈ ਕਿ ਜਥੇਦਾਰ ਸਾਹਿਬ ਦਾ ਪਰਿਵਾਰ ਅੱਜ ਵੀ ਭਗਤਾਂ ਦੇ ਪਰਿਵਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਜਥੇਦਾਰ ਸਾਹਿਬ ਬਚਪਨ ਤੋਂ ਮਿਲੀ ਗੁਰਬਾਣੀ ਦੀ ਗੁੜ੍ਹਤੀ ਸਦਕਾ ਨਿੱਤਨੇਮੀ ਅਤੇ ਗੁਰਬਾਣੀ ਦੇ ਦੱਸੇ ਹੋਏ ਰਾਹ ਉਤੇ ਚੱਲਣ ਵਾਲੇ ਵਿਅਕਤੀ ਸਨ। ਗੁਰਮਤਿ ਰਹਿਣੀ-ਬਹਿਣੀ ਵਿੱਚ ਪਰਪੱਕ, ਸੱਚਾਈ ਅਤੇ ਸਾਦਗੀ ਦੇ ਚਿੰਨ੍ਹ ਸਨ। ਆਪ ਜੀ ਦੇ ਪਿੰਡ ਪੁਰਾਣੇ ਸਮੇਂ ਵਿੱਚ ਕੋਈ ਸਕੂਲ ਨਾ ਹੋਣ ਕਰਕੇ ਆਪ ਨੇ ਪ੍ਰਾਇਮਰੀ ਸਕੂਲ ਅਤੇ ਮੈਟਰਿਕ ਦੀ ਸਿਖਿਆ ਪਿੰਡ ਬੱਡੋਂ ਦੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ।
ਆਪ ਆਜ਼ਾਦੀ ਸੰਗਰਾਮ ਵਿੱਚ ਵੀ ਹਿੱਸਾ ਲੈਂਦੇ ਰਹੇ ਹਨ। ਇਸ ਦੀ ਉਦਾਹਰਣ ਹੈ ਕਿ ਇੱਕ ਵਾਰ ਮਾਸਟਰ ਤਾਰਾ ਸਿੰਘ ਜੀ ਪਿੰਡ ਬੱਡੋਂ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ। ਜਥੇਦਾਰ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਮਾਸਟਰ ਤਾਰਾ ਸਿੰਘ ਜੀ ਨੂੰ ਮਿਲਣ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆਏ। ਮਾਸਟਰ ਤਾਰਾ ਸਿੰਘ ਜੀ ਬੇਸ਼ੱਕ ਸਿੱਖ ਕੌਮ ਲਈ ਇੰਨੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਨਹੀਂ ਹੋਏ। ਪਰ ਜਥੇਦਾਰ ਜੀ ਨੇ ਆਪਣਾ ਜੀਵਨ ਕੌਮ ਨੂੰ ਸਮਰਪਿਤ ਕਰਨ ਦਾ ਮਨ ਬਣਾ ਲਿਆ। ਦੇਸ਼ ਦੀ ਅਜ਼ਾਦੀ ਸਮੇਂ ਬਹੁਤ ਸਾਰੇ ਸਿੱਖ ਜੋ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ, ਅਜੇ ਸ਼ਰਨਾਰਥੀ ਕੈਂਪਾਂ ਵਿੱਚ ਹੀ ਸਨ। ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ 10 ਅਕਤੂਬਰ 1947 ਨੂੰ ਸਾਰੇ ਡਿਪਟੀ ਕਮਿਸ਼ਨਰਾ ਨੂੰ ਇਕ ਹੁਕਮ ਜਾਰੀ ਕੀਤਾ ਕਿ ਸਿੱਖ ਜਰਾਇਮ ਪੇਸ਼ਾ ਲੋਕ ਹਨ ਜੋ ਪ੍ਰਾਂਤ ਦੇ ਸਾਂਤੀ-ਪਸੰਦ ਹਿੰਦੂਆਂ ਲਈ ਖ਼ਤਰਾ ਹਨ। ਉਨ੍ਹਾਂ ਵਿਰੁੱਧ ਸਖਤ ਕਦਮ ਚੁਕੇ ਜਾਣ (Sikhs as a community are a lawless people and are a menace to the law abiding Hindus in the Province. Deputy Commissioners should take special measures against them)। ਮਾਸਟਰ ਤਾਰਾ ਸਿੰਘ ਜੋ ਪੰਡਤ ਨਹਿਰੂ ਦੀ ਇੱਕ ਕਠਪੁਤਲੀ ਬਣ ਕੇ ਰਹਿ ਗਏ ਸਨ ਕੁਝ ਵੀ ਕਰਨ ਤੋਂ ਅਸਮਰੱਥ ਸਨ। ਨਹਿਰੂ ਦਾ ਰਵਈਆ ਬਦਲ ਚੁੱਕਾ ਸੀ। ਇਹ ਸਿੱਖਾਂ ਨਾਲ ਇਕ ਬਹੁਤ ਵੱਡਾ ਵਿਸ਼ਵਾਸ਼ਘਾਤ ਸੀ। ਹਿੰਦੁਸਤਾਨ ਸਰਕਾਰ ਦੇ ਇਸ ਘਟੀਆ ਵਰਤਾਰੇ ਕਾਰਨ ਅਕਾਲੀ ਆਪਣੇ ਆਪ ਨੂੰ ਲਾਮਬੰਦ ਕਰਨ ਲੱਗੇ ਅਤੇ ਆਜ਼ਾਦ ਪੰਜਾਬ ਦਾ ਸੁਫਨਾ ਦੇਖਣ ਲੱਗੇ। ਸਾਲ 1948-1949 ਈ. ਵਿਚ ਕਈ ਵੱਡੀਆਂ ਤਬਦੀਲੀਆਂ ਹੋਈਆਂ।
ਪੂਰਬੀ ਪੰਜਾਬ ਦੀਆਂ ਅੱਠੇ ਰਿਆਸਤਾਂ ਇਕੱਠੀਆਂ ਹੋ ਕੇ ਇਕ ਨਵੀਂ ਰਿਆਸਤੀ ਯੂਨੀਅਨ (ਪੈਪਸੂ) ਬਣੀ। 20 ਜਨਵਰੀ 1949 ਨੂੰ ਕਾਇਮ ਹੋਈ ਇਸ ਸਰਕਾਰ ਵਿੱਚ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਰਾਜ ਪ੍ਰਮੁੱਖ ਅਤੇ ਗਿਆਨ ਸਿੰਘ ਰਾੜੇਵਾਲਾ ਨੂੰ ਯੂਨੀਅਨ ਦੇ ਵਜ਼ੀਰੇ-ਆਜ਼ਮ ਬਣਾਇਆ ਗਿਆ ਅਤੇ 8 ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਗਿਆ। ਗਿਆਨ ਸਿੰਘ ਰਾੜੇਵਾਲਾ ਦੀ ਕਮਾਂਡ ਹੇਠ ਚਲਾਈ ਜਾ ਰਹੀ ਇਸ ਸਰਕਾਰ ਵਿਰੁੱਧ ਰਵਾਇਤੀ ਅਕਾਲੀਆਂ 'ਚ ਅੰਦਰ ਬੇਚੈਨੀ ਪਾਈ ਜਾ ਰਹੀ ਸੀ। ਉਹ ਇਸ ਸਰਕਾਰ ਨੂੰ ਮਾਮਾ-ਭਾਣਜਾ ਸਰਕਾਰ ਸਮਝਦੇ ਸਨ ਅਤੇ ਆਜ਼ਾਦ ਪੰਜਾਬ ਦੀ ਮੰਗ ਕਰ ਰਹੇ ਸਨ। ਮਾਸਟਰ ਤਾਰਾ ਸਿੰਘ ਨੇ "ਪੰਥ ਆਜਾਦ ਅਤੇ ਦੇਸ਼ ਆਜਾਦ" ਦਾ ਨਾਅਰਾ ਬੁਲੰਦ ਕੀਤਾ ਅਤੇ ਗ੍ਰਿਫਤਾਰੀਆਂ ਦੇਣ ਦਾ ਫੈਸਲਾ ਕੀਤਾ ਗਿਆ। ਪਿੰਡੋ-ਪਿੰਡ ਢੰਡੋਰੇ ਫਿਰਾਏ ਗਏ। ਹਰ ਜ਼ਿਲ੍ਹੇ ਵਿੱਚੋਂ ਗ੍ਰਿਫਤਾਰੀਆਂ ਦੇਣ ਲਈ ਜੱਥੇ ਰਵਾਨਾ ਹੋਣ ਲੱਗੇ। ਸੰਤ ਬਖਤਾਵਰ ਸਿੰਘ ਜੀ ਬਲਾਚੌਰ ਉਸ ਵਕਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਥੇਦਾਰ ਸਨ। ਪਿੰਡ ਅਜਨੋਹਾ ਤੋਂ ਵੀ ਅੱਠ ਅਕਾਲੀਆਂ ਦਾ ਜਥਾ ਗ੍ਰਿਫਤਾਰੀਆਂ ਦੇਣ ਲਈ ਚੱਲ ਪਿਆ। ਜਦੋਂ ਉਹ ਫਗਵਾੜਾ ਸ਼ਹਿਰ ਵਿੱਚ ਗੁਰਦੁਆਰਾ ਰਾਮਗੜ੍ਹੀਆ ਵਿੱਚ ਠਹਿਰੇ ਹੋਏ ਸਨ ਤਾਂ ਸੰਤ ਬਖਤਾਵਰ ਸਿੰਘ ਜੀ ਬਲਾਚੌਰ ਨੇ ਉਨ੍ਹਾਂ ਅਕਾਲੀਆਂ ਨੂੰ ਕਿਹਾ ਕਿ ਤੁਸੀਂ ਵੀ ਆਪਣੇ ਪਿੰਡ ਦਾ ਜੱਥੇਦਾਰ ਚੁਣੋ ਤਾਂ ਅਜਨੋਹੇ ਦੇ ਅਕਾਲੀਆਂ ਨੇ ਸਰਬਸੰਮਤੀ ਨਾਲ ਗਿਆਨੀ ਗੁਰਦਿਆਲ ਸਿੰਘ ਜੀ ਨੂੰ ਆਪਣਾ ਜੱਥੇਦਾਰ ਚੁਣ ਲਿਆ। ਇਹ ਜੱਥਾ ਸੁਲਤਾਨਪੁਰ ਲੋਧੀ ਵਿਖੇ ਗ੍ਰਿਫਤਾਰ ਕਰਕੇ ਕਪੂਰਥਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਜੱਥੇਦਾਰ ਸਾਹਿਬ ਪਿੰਡ ਅਜਨੋਹਾ ਦੇ ਸਰਪੰਚ, ਮੈਂਬਰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹੇ। ਅਕਾਲੀ ਦਲ ਦੇ ਹੁਸ਼ਿਆਰਪੁਰ ਦੇ ਮੁੱਖ ਆਗੂ ਵੀ ਰਹੇ ਹਨ। ਜਦੋਂ ਅਜਾਦੀ ਤੋਂ ਬਾਅਦ ਪੰਜਾਬ ਨੂੰ ਉਸ ਦੇ ਹੱਕ ਪ੍ਰਾਪਤ ਨਾ ਹੋਏ ਤਾਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਪੰਜਾਬੀ ਸੂਬਾ ਅੰਦੋਲਨ ਸ਼ੁਰੂ ਹੋਇਆ ਜਿਸ ਵਿੱਚ ਜੱਥੇਦਾਰ ਜੀ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਇਸ ਅੰਦੋਲਨ ਉਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਥਾਂ-ਥਾਂ ਅਕਾਲੀਆਂ ਦੀ ਫੜੋ-ਫੜਾਈ ਹੋਈ ਅਤੇ ਪੁਲਿਸ ਦਾ ਕਹਿਰ ਵਰਤਿਆ। ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਅੰਦੋਲਨਾਂ ਤਹਿਤ 14 ਵਾਰ ਜੇਲ੍ਹ ਯਾਤਰਾ ਕੀਤੀ ਅਤੇ ਆਪਣੇ ਘਰ ਪ੍ਰੀਵਾਰ ਤੋਂ ਦੂਰ ਰਹਿਣ ਪਿਆ। ਜੱਥੇਦਾਰ ਜੀ ਪੰਥਕ ਅਤੇ ਧਾਰਮਿਕ ਸੇਵਾਵਾਂ ਵਿੱਚ ਮਸ਼ਰੂਫ ਰਹਿੰਦੇ ਸਨ। ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੀ ਪਤਨੀ ਸਰਦਾਰਨੀ ਚਰਨਜੀਤ ਕੌਰ ਜੀ ਨੇ ਆਪਣੇ ਘਰ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਇਆ। ਜਥੇਦਾਰ ਸਾਹਿਬ ਦੀਆਂ ਕੌਮ ਪ੍ਰਤੀ ਜੁੰਮੇਵਾਰੀਆਂ ਸਦਕਾ ਬੱਚਿਆਂ ਲਈ ਮਾਂ ਅਤੇ ਬਾਪ ਦੋਨ੍ਹਾਂ ਦੀਆਂ ਜੁੰਮੇਵਾਰੀਆਂ ਨਿਭਾਉਂਦੇ ਹੋਏ ਪ੍ਰੀਵਾਰ ਦੀ ਦੇਖ ਰੇਖ ਕੀਤੀ।
ਸੰਨ 1972 ਈਸਵੀ ਵਿੱਚ ਜਥੇਦਾਰ ਸਾਹਿਬ ਦੀਆਂ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁਖ ਰੱਖਦੇ ਹੋਏ ਉਨ੍ਹਾਂ ਨੂੰ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ ਦਾ ਜੱਥੇਦਾਰ ਨਿਯੁਕਤ ਕੀਤਾ ਗਿਆ । ਉਨ੍ਹਾਂ ਨੇ ਅੱਠ ਸਾਲ ਇਸ ਜੁਮੇਂਵਾਰੀ ਨੂੰ ਬਹੁਤ ਹੀ ਇਮਾਨਦਾਰੀ ਨਾਲ ਨਿਭਾਇਆ। ਉਨ੍ਹਾਂ ਦੀ ਇਮਾਨਦਾਰੀ ਅਤੇ ਸਿੱਖੀ ਪ੍ਰਤੀ ਦ੍ਰਿੜਤਾ ਕਾਰਨ ਸਾਰੇ ਉਨ੍ਹਾਂ ਨੂੰ ਅਕਾਲੀ ਫੂਲਾ ਸਿੰਘ ਦਾ ਦੂਸਰਾ ਜਨਮ ਦੱਸਦੇ ਸਨ ਕਿਉਂਕਿ ਦੋਨੋ ਇੱਕ ਹੀ ਪਿੰਡ ਦੇ ਜੰਮਪਲ ਸਨ ।
ਅਕਾਲੀ ਫੂਲਾ ਸਿੰਘ ਉਹ ਸ਼ਖਸ਼ੀਅਤ ਸੀ ਜਿਸ ਨੇ ਅਕਾਲ ਤਖ਼ਤ ਦਾ ਜਥੇਦਾਰ ਹੁੰਦੇ ਹੋਏ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਸੀ । ਪੇਸ਼ ਹੋਣ ਤੇ ਮਹਾਰਾਜੇ ਨੂੰ ਕੋੜਿਆਂ ਦੀ ਸਜਾ ਅਤੇ ਲਾਹੌਰ ਦਰਬਾਰ ਤੋਂ ਹਰ ਰੋਜ਼ ਆਉਣ ਵਾਲਾ ਰਸਦ ਦਾ ਗੱਡਾ ਬੰਦ ਕਰ ਦਿੱਤਾ ਸੀ । ਇਸ ਦਾ ਕਾਰਨ ਸੀ ਕਿ ਮਹਾਰਾਜਾ ਮੋਰਾਂ ਨਾਮ ਦੀ ਕੰਜਰੀ ਦੇ ਜਾਣ ਲੱਗ ਪਿਆ ਸੀ । ਬੇਸ਼ੱਕ ਉਸ ਦੇ ਮੋਰਾਂ ਨਾਲ ਵਿਆਹ ਕਰਾਉਣ ਦੀ ਗੱਲ ਨੂੰ ਲੈ ਕੇ ਅਕਾਲੀ ਫੂਲਾ ਸਿੰਘ ਸ਼ਾਂਤ ਹੋ ਗਏ ਪਰ ਮਹਾਰਾਜਾ ਰਣਜੀਤ ਸਿੰਘ ਨੇ ਭੀ ਅਕਾਲ ਤਖ਼ਤ ਦਾ ਹੁਕਮ ਮੰਨਦੇ ਹੋਏ ਕੋੜਿਆਂ ਦੀ ਸਜਾ ਸਵੀਕਾਰ ਕੀਤੀ । ਅਕਾਲੀ ਫੂਲਾ ਸਿੰਘ ਨੇ ਸੰਗਤ ਤੋਂ ਆਗਿਆ ਲੈ ਕੇ ਕੋੜਿਆਂ ਦੀ ਸਜਾ ਮੁਆਫ ਕਰ ਦਿੱਤੀ। ਪਰ ਹਰ ਰੋਜ਼ ਲਾਹੌਰ ਦਰਬਾਰ ਤੋਂ ਆਉਣ ਵਾਲਾ ਰਸਦ ਦਾ ਗੱਡਾ ਪੱਕੇ ਤੌਰ ਤੇ ਬੰਦ ਕਰ ਦਿੱਤਾ । ਜਥੇਦਾਰ ਗੁਰਦਿਆਲ ਸਿੰਘ ਅਤੇ ਅਕਾਲੀ ਫੂਲਾ ਸਿੰਘ ਦੋਵੇਂ ਹੀ ਪਿੰਡ ਅਜਨੋਹਾ ਵਿੱਚ ਜਨਮੇ ਹਨ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਪਿੰਡ ਅਜਨੋਹਾ ਨੂੰ ਖਾਲਸਾਈ ਜਲੌਅ, ਪੰਥਕ ਚੜ੍ਹਦੀ ਕਲਾ ਅਤੇ ਨਿੱਡਰ ਜੱਥੇਦਾਰੀ ਦੀ ਸਥਾਪਤੀ ਜੱਦੀ-ਪੁਸ਼ਤੀ ਪ੍ਰਾਪਤ ਹੋਈ ਹੈ । ਇੱਕ ਸੌ ਪੰਜਾਹ ਸਾਲ ਪਹਿਲਾਂ ਅਕਾਲੀ ਫੂਲਾ ਸਿੰਘ ਪਿੰਡ ਅਜਨੋਹਾ ਵਿੱਚ ਜਨਮ ਲੈ ਕੇ ਇੱਕ ਨਿੱਡਰ ਅਤੇ ਨਿਧੱੜਕ ਜੱਥੇਦਾਰ, ਜੋ ਸਿੱਖ ਸਾਮਰਾਜ ਦੀ ਸਥਾਪਨਾ ਅਤੇ ਪੰਥਕ ਪ੍ਰੰਪਰਾਵਾਂ ਦੀ ਸੁਰੱਖਿਆ ਲਈ ਸਮਰਪਿਤ ਸੀ। ਅਕਸਰ ਸੁਣਨ 'ਚ ਆਉਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਠੀਕ ਉਸੇ ਤਰ੍ਹਾਂ ਜਥੇਦਾਰ ਗੁਰਦਿਆਲ ਸਿੰਘ ਜੀ ਨੇ ਵੀ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਇੱਕ ਸ਼ੁੱਧ ਅਕਾਲੀ, ਨਿੱਡਰ ਅਤੇ ਨਿਰਭੈਤਾ ਦੀ ਮਿਸਾਲ ਕਾਇਮ ਕੀਤੀ ਹੈ। ਅੱਜ ਦੇ ਜਥੇਦਾਰਾਂ ਵਾਂਗ ਕਿਸੇ ਵੀ ਤਰਾਂ ਦੇ ਰਾਜਨੀਤਕ ਦਬਾਅ ਹੇਠ ਆ ਕੇ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਵਿਰੁੱਧ ਕਦੀਂ ਕੋਈ ਫੈਸਲਾ ਨਹੀਂ ਲਿਆ। ਜਥੇਦਾਰ ਸਾਹਿਬ ਦੇ karjkal ਸਮੇਂ ਇਸ ਤਰਾਂ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਇੱਕ ਮਿਸਾਲ ਉਦੋਂ ਦੀ ਮਿਲਦੀ ਹੈ ਜਦੋਂ ਉਹ ਤਖਤ ਸ਼੍ਰੀ ਕੇਸ ਗੜ੍ਹ ਸਾਹਿਬ ਦੇ ਜੱਥੇਦਾਰ ਸਨ। ਗਿਆਨੀ ਜ਼ੈਲ ਸਿੰਘ ਜੋ ਉਸ ਸਮੇਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਨ, ਨੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਬੇਟੀ ਦਾ ਆਨੰਦ ਕਾਰਜ ਕਰਵਾਇਆ। ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੇ ਜਦ ਵੇਖਿਆ ਕਿ ਲੜਕਾ ਪਤਿਤ (ਮੋਨਾ ) ਹੈ ਤਾਂ ਉਸੇ ਸਮੇਂ ਆਪਣਾ ਸਖਤ ਵਿਰੋਧ ਦੱਸ ਕੇ ਸਮਾਗਮ ਦਾ ਬਾਈਕਾਟ ਕਰ ਗਏ ਸਨ।
2 ਮਾਰਚ 1980 ਨੂੰ ਜੱਥੇਦਾਰ ਗੁਰਦਿਆਲ ਸਿੰਘ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਣੇ। ਕਿਉਂਕਿ ਉਨ੍ਹਾਂ ਤੋਂ ਪਹਿਲਾਂ ਦੇ ਜੱਥੇਦਾਰ ਅਕਾਲ ਤਖਤ, ਜੱਥੇਦਾਰ ਸਾਧੂ ਸਿੰਘ ਭੌਰਾ ਪੰਥ ਦੇ ਕਈ ਮੁੱਦਿਆਂ ਉੱਤੇ ਬਹੁਤ ਕਮਜ਼ੋਰ ਸਿੱਧ ਹੋਏ ਸਨ, ਬਹੁਤ ਸਾਰੇ ਸਿੱਖ ਬੁਧੀਜੀਵੀ ਜੱਥੇਦਾਰ ਸਾਧੂ ਸਿੰਘ ਭੌਰਾ ਦੇ ਪੰਥ ਵਿਰੋਧੀ ਫੈਸਲਿਆਂ ਕਰਕੇ ਉਨ੍ਹਾਂ ਨਾਲ ਖੁਸ਼ ਨਹੀਂ ਸਨ ਅਤੇ ਉਨ੍ਹਾਂ ਨੂੰ ਨਵ-ਨਿਯੁਕਤ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਤੋਂ ਬਹੁਤ ਉਮੀਦਾਂ ਸਨ। ਉਨ੍ਹਾਂ ਦਿਨਾਂ ਵਿੱਚ ਹਿੰਦੂ ਪ੍ਰੈਸ ਇਹ ਦਾਅਵਾ ਕਰ ਰਹੀ ਸੀ ਕਿ ਸਿੱਖ ਕੇਸਧਾਰੀ ਹਿੰਦੂ ਹਨ ਅਤੇ ਸਿੱਖ ਭਾਈਚਾਰਾ ਚਾਹੁੰਦਾ ਸੀ ਕਿ ਅਕਾਲ ਤਖਤ ਇਸ ਮੁੱਦੇ ਤੇ ਹੁਕਮਨਾਮਾ ਜਾਰੀ ਕਰਕੇ ਸਦਾ ਲਈ ਇਸ ਮੁੱਦੇ ਤੇ ਹਿੰਦੂ ਪ੍ਰੈਸ ਦੀ ਜ਼ੁਬਾਨ ਬੰਦ ਕੀਤੀ ਜਾਵੇ। ਦਇਆ ਨੰਦ ਦੇ ਚੇਲੇ 'ਮਹਾਸ਼ੇ ਲਾਲੇ' ਪਹਿਲਾਂ ਵੀ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਚੁੱਕੇ ਸਨ। ਜਦੋਂ ਭਾਈ ਕਾਨ੍ਹ ਸਿੰਘ ਨਾਭਾ ਨੇ "ਹਮ ਹਿੰਦੂ ਨਹੀਂ ਕਿਤਾਬ ਲਿਖੀ ਸੀ ਉਦੋਂ ਮਹਾਸ਼ਿਆਂ ਨੇ ਭਾਈ ਸਾਹਿਬ ਉੱਤੇ ਦਰਜਨਾਂ ਮੁੱਕਦਮੇ ਠੋਕ ਦਿਤੇ ਸਨ ਜੋ ਭਾਈ ਸਾਹਿਬ ਜੀ ਨੇ ਇਕੱਲੇ ਹੀ ਪੈਸੇ ਦੀ ਕਿਲੱਤ ਹੋਣ ਦੇ ਬਾਵਜੂਦ ਲੜੇ ਤੇ ਉਨਾਂ ਸਾਰਿਆਂ ਵਿੱਚ ਜਿੱਤ ਹਾਸਿਲ ਕੀਤੀ। ਸੋ ਇਸ ਮੁੱਦੇ ਦੇ ਸਦੀਂਵੀ ਹੱਲ ਕਰਨ ਲਈ ਜੱਥੇਦਾਰ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਨੇ ਨਿੱਡਰਤਾ ਨਾਲ ਫੈਸਲਾ ਲਿਆ ਅਤੇ 21 ਅਪ੍ਰੈਲ 1981 ਨੂੰ ਇਹ ਹੁਕਮਨਾਮਾ ਜਾਰੀ ਕੀਤਾ ਕਿ "ਸਿੱਖ ਇੱਕ ਵੱਖਰੀ ਕੌਮ ਹਨ"। ਜੇਕਰ ਉਸ ਵੇਲੇ ਅਕਾਲ ਤਖਤ ਤੇ ਕੋਈ ਕਮਜ਼ੋਰ ਜੱਥੇਦਾਰ ਬਿਰਾਜਮਾਨ ਹੁੰਦਾ ਤਾਂ ਉਸ ਤੋਂ ਇਹੋ ਜਿਹਾ ਫੈਸਲਾ ਆਉਣ ਦੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਸੀ । ਜੱਥੇਦਾਰ ਜੀ ਦੇ ਇਸ ਫੇਸਲੇ ਤੋਂ ਜੱਥੇਦਾਰ ਸੰਤੋਖ ਸਿੰਘ ਦਿੱਲੀ ਅਤੇ ਲਾਲਾ ਜਗਤ ਨਰਾਇਣ ਵਰਗੇ ਖੁਸ਼ ਨਹੀਂ ਸਨ। ਕਿਉਂਕਿ ਇਹ ਇੱਕ ਆਪਣੀ ਤਰਾਂ ਦਾ ਪਹਿਲਾ ਇਤਿਹਾਸਿਕ ਫੈਸਲਾ ਸੀ।
ਕੁਝ ਸਮੇਂ ਬਾਦ ਜਥੇਦਾਰ ਸਾਹਿਬ ਆਪਣੇ ਵਿਦੇਸ਼ੀ ਪ੍ਰਚਾਰ ਦੇ ਦੌਰੇ ਤੇ ਗਏ। ਲਾਲਾ ਜਗਤ ਨਰੈਣ ਵਰਗਿਆਂ ਨੇ ਅਖਬਾਰ ਵਿੱਚ ਲਿਖ ਦਿੱਤਾ ਕਿ ਜਥੇਦਾਰ ਜੀ ਵਿਦੇਸ਼ਾਂ ਵਿੱਚ ਪੈਸੇ ਇਕੱਠੇ ਕਰਨ ਗਏ ਹਨ। ਦੋਸ਼ਾਂ ਨੂੰ ਝੂਠਾ ਸਾਬਿਤ ਕਰਨ ਵਾਸਤੇ ਜਥੇਦਾਰ ਜੀ ਨੇ ਅਸਤੀਫਾ ਦੇ ਦਿੱਤਾ। ਦੀ ਅਖਬਾਰ ਵਿੱਚ ਦਾਗ਼ ਦਿੱਤਾ ਕਿ ਜੱਥੇਦਾਰ ਸਾਹਿਬ ਵਿਦੇਸ਼ਾਂ ਵਿੱਚ ਖਾਲਿਸਤਾਨ ਲਈ ਪੈਸਾ ਇਕੱਠਾ ਕਰਨ ਲਈ ਗਏ ਹੋਏ ਹਨ। ਜਥੇਦਾਰ ਅਜਨੋਹਾ ਨੇ ਵਿਦੇਸ਼ਾਂ ਤੋਂ ਵਾਪਸੀ ਬਾਅਦ ਮਾਇਆ ਇਕੱਠੀ ਕਰਨ ਦੇ ਲੱਗੇ ਦੋਸ਼ ਤਹਿਤ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਇਹ ਦੋਸ਼ ਗਲਤ ਸਾਬਤ ਹੋਣ ਤੇ ਬਾਅਦ ਹੀ ਉਨ੍ਹਾਂ ਮੁੜ ਜਥੇਦਾਰੀ ਸੰਭਾਲੀ। ਪਰ ਇਸ ਗੈਰ-ਜੁੰਮੇਵਾਰਾਨਾਂ ਬਿਆਨ ਦੇਣ ਕਰਕੇ ਜੱਥੇਦਾਰ ਅਜਨੋਹਾ ਨੇ ਸੰਤੋਖ ਸਿੰਘ ਦਿੱਲੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਨਮੁੱਖ ਹਾਜ਼ਿਰ ਹੋ ਆਪਣਾ ਪੱਖ ਪੇਸ਼ ਕਰਨ ਲਈ ਕਿਹਾ। ਸੰਤੋਖ ਸਿੰਘ ਦਿੱਲੀ ਨੇ ਇਹ ਬਹਾਨਾ ਬਣਾਉਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਿਰ ਹੋਣ ਤੋਂ ਨਾਂਹ ਕਰ ਦਿੱਤੀ ਕਿ ਅੰਮ੍ਰਿਤਸਰ ਵਿੱਚ ਉਸ ਦੀ ਜਾਨ ਨੂੰ ਖ਼ਤਰਾ ਹੈ। ਨਾਲ ਦੀ ਨਾਲ ਅਜਿਹੇ ਕਿਸੇ ਵੀ ਬਿਆਨ ਦੇਣ ਦਾ ਖੰਡਨ ਕੀਤਾ। ਜੱਥੇਦਾਰ ਅਕਾਲ ਤਖਤ ਸਾਹਿਬ ਨੇ ਉਸ ਦੁਆਰਾ ਆਪਣੇ ਦੂਤ ਰਾਹੀਂ ਭੇਜੇ ਗਏ ਸੁਨੇਹੇ ਨੂੰ ਸਵੀਕਾਰ ਨਹੀਂ ਕੀਤਾ। ਸੰਤੋਖ ਸਿੰਘ ਦਿੱਲੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋਣਾ ਹੀ ਪਿਆ। ਸਜਾ ਦੇ ਤੋਰ ਤੇ ਉਸ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ . ਕਿਉਂਕਿ ਉਸ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਝੂਠਾ ਇਲਜ਼ਾਮ ਲਗਾਇਆ ਸੀ। ਸਨਮੁੱਖ ਪੇਸ਼ ਹੋ ਕੇ ਤਨਖਾਹ ਲੁਆਣੀ ਹੀ ਪਈ ਸੀ। ਅਣਪਛਾਤੇ ਬੰਦਿਆਂ ਵਲੋਂ ਸੰਤੋਖ ਸਿੰਘ ਦਿੱਲੀ ਦੀ ਹੱਤਿਆ ਕਰ ਦਿੱਤੀ ਗਈ ਸੀ ਜੋ ਕਿ ਸਰਕਾਰ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਝੀ ਚਾਲ ਸੀ।
ਜਥੇਦਾਰ ਸਾਹਿਬ ਦੀ ਬਹਾਦੁਰੀ ਦੀਆਂ ਅਣਗਿਣਤ ਮਿਸਾਲਾਂ ਹਨ। ਸੰਨ ਅੱਸੀ ਤੋਂ ਬਾਅਦ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਤਨਾਮ ਸਿੰਘ ਬਾਜਵਾ ਨੂੰ ਕਾਹਨੂੰਵਾਨ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਜਾਗਰ ਸਿੰਘ ਸੇਖਵਾਂ ਤੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੀ ਹਾਰ ਦਾ ਦੋਸ਼ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਤੇ ਲਾਉਂਦੇ ਹੋਏ ਪੰਜਾਬ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਅਤੇ ਮੰਗ ਕੀਤੀ ਕਿ ਉਸ ਦੀ ਹਾਰ ਦੀ ਅਦਾਲਤੀ ਜਾਂਚ ਕਰਵਾਈ ਜਾਵੇ ਕਿਉਂਕਿ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੁਆਰਾ ਇਲਾਕੇ ਦੇ ਲੋਕਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਕੇਵਲ ਅਕਾਲੀ ਦਲ ਦੇ ਪ੍ਰਤੀਨਿਧੀਆਂ ਨੂੰ ਹੀ ਵੋਟ ਪਾਉਣ। ਸਤਨਾਮ ਸਿੰਘ ਬਾਜਵਾ ਦੀ ਇਸ ਪਟੀਸ਼ਨ ਸਦਕਾ ਪੰਜਾਬ ਦੀ ਹਾਈ ਕੋਰਟ ਨੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਅਦਾਲਤ 'ਦ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ। ਜੱਥੇਦਾਰ ਅਜਨੋਹਾ ਨੇ ਬਹੁਤ ਹਿੰਮਤ ਨਾਲ ਫੈਸਲਾ ਲੈਂਦੇ ਹੋਏ ਹਾਈ ਕੋਰਟ ਦੇ ਸੰਮਨ ਲੈਣ ਵਲੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਲਿਖਿਆ ਕਿ ਜੱਥੇਦਾਰ ਅਕਾਲ ਤਖਤ ਦਾ ਅਹੁਦਾ ਸਾਰੀਆਂ ਸੰਸਾਰਕ ਅਦਾਲਤਾਂ ਤੋਂ ਉਪਰ ਹੈ। ਜੇਕਰ ਫਿਰ ਵੀ ਹਾਈ ਕੋਰਟ ਵਿੱਚ ਕਿਸੇ ਵੀ ਸਪਸ਼ਟੀਕਰਨ ਦੀ ਜ਼ਰੂਰਤ ਹੈ ਉਹ ਆਪਣੇ ਦੂਤ ਭੇਜਣ ਅਤੇ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਸਪਸ਼ਟੀਕਰਨ ਦੇ ਦਿੱਤਾ ਜਾਵੇਗਾ। ਜੱਥੇਦਾਰ ਦੇ ਇਸ ਫੈਸਲੇ ਦੇ ਮੱਦੇ ਨਜ਼ਰ ਸਤਨਾਮ ਸਿੰਘ ਬਾਜਵਾ ਨੇ ਹਾਈ ਕੋਰਟ ਨੂੰ ਲਿਖਤੀ ਰੂਪ 'ਚ ਕਿਹਾ ਕਿ ਉਹ ਜੱਥੇਦਾਰ ਅਕਾਲ ਤਖਤ ਨੂੰ ਕਦੀ ਵੀ ਹਾਈ ਕੋਰਟ 'ਚ ਤਲਬ ਨਹੀਂ ਕਰਨਾ ਚਾਹੁੰਦਾ ਸੀ ਅਤੇ ਉਹ ਆਪ ਵੀ ਅਕਾਲ ਤਖਤ ਦੀ ਸਰਬ-ਉੱਚਤਾ ਨੂੰ ਮੰਨਦਾ ਹੈ। ਇਸ ਪ੍ਰਕਾਰ ਇੱਕ ਸੰਸਾਰਕ ਅਦਾਲਤ ਅਤੇ ਰੱਬ ਦੀ ਅਦਾਲਤ ਅਕਾਲ ਤਖਤ ਵਿਚਕਾਰ ਤਕਰਾਰ ਹੋਣੋ ਟੱਲ ਗਿਆ।
ਨਿਰੰਕਾਰੀਆਂ ਦੇ ਬਾਬੇ ਹਰਦੇਵ ਸਿੰਘ ਉਰਫ ਭੋਲਾ ਵਲੋਂ ਜੱਥੇਦਾਰ ਅਕਾਲ ਤਖਤ ਨੂੰ ਲਿਖਿਆ ਪੱਤਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ ਉਸ ਨੇ ਸੁਝਾਅ ਦਿੱਤਾ ਸੀ ਕਿ ਜੇਕਰ ਜੱਥੇਦਾਰ ਸਾਹਿਬ ਨਿਰੰਕਾਰੀਆਂ ਦੇ ਖਿਲਾਫ ਅਕਾਲ ਤਖਤ ਤੋਂ ਜਾਰੀ ਕੀਤਾ ਹੁਕਮਨਾਮਾ ਵਾਪਿਸ ਲੈ ਲੈਂਦੇ ਹਨ ਤਾਂ ਉਹ ਆਪਣੀਆਂ ਕਿਤਾਬਾਂ ਵਿੱਚੋਂ ਸਿੱਖ ਧਰਮ ਦੇ ਖਿਲਾਫ ਅਪਮਾਨਜਨਕ ਸ਼ਬਦ ਜਾਂ ਟਿਪਣੀਆਂ ਹਟਾਉਣ ਲਈ ਤਿਆਰ ਹਨ। ਉਨ੍ਹਾਂ ਨੇ ਇਸ ਪੱਤਰ ਨੂੰ 12 ਮਾਰਚ 1982 ਨੂੰ ਇਹ ਕਹਿ ਕੇ ਅਪ੍ਰਵਾਨ ਕਰ ਦਿੱਤਾ ਕਿ ਇਹ ਪੱਤਰ ਹਜਾਰਾਂ ਹੋਰ ਪੱਤਰਾਂ ਵਾਂਗ ਹੀ ਹੈ। ਨਿਰੰਕਾਰੀ ਕੋਈ ਧਿਰ ਨਹੀਂ ਹਨ ਅਤੇ ਅਕਾਲ ਤਖਤ ਦੁਆਰਾ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਿਸ ਨਹੀਂ ਲਿਆ ਜਾ ਸਕਦਾ। ਜੇਕਰ ਕੋਈ ਭੁੱਲ ਬਖ਼ਸ਼ਾਉਣਾ ਚਾਹੁੰਦਾ ਹੈ ਤਾਂ ਉਹ ਅਕਾਲ ਤਖਤ ਨੂੰ ਆਪਣਾ ਬੇਨਤੀ ਪੱਤਰ ਭੇਜੇ ਅਤੇ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਯੋਗ ਸਜ਼ਾ ਲਵਾ ਕੇ ਅੰਮ੍ਰਿਤ ਛੱਕ ਲਵੇ ਤਾਂ ਹੀ ਉਸ ਦੀ ਭੁੱਲ ਬਖ਼ਸ਼ਾਈ ਜਾ ਸਕਦੀ ਹੈ। ਅਕਾਲੀ ਫੂਲਾ ਸਿੰਘ ਤੋਂ ਬਾਅਦ ਜੱਥੇਦਾਰ ਅਜਨੋਹਾ ਹੀ ਇੱਕ ਅਜਿਹੇ ਜੱਥੇਦਾਰ ਹੋਏ ਹਨ ਜਿਨ੍ਹਾਂ ਨੇ ਨਿੱਡਰਤਾ ਅਤੇ ਆਪਣੀ ਪੰਥਕ ਸੋਚ ਦਾ ਸਬੂਤ ਦਿੰਦਿਆਂ ਇੱਕ ਹੀ ਸਾਲ ਦੇ ਸਮੇਂ ਵਿੱਚ ਚਾਰ ਪ੍ਰਮੁੱਖ ਫ਼ੈਸਲੇ ਲਏ ਇਹੋ ਜਿਹੇ ਫ਼ੈਸਲੇ ਲੈਣੇ ਇੱਕ ਕਮਜੋਰ ਜੱਥੇਦਾਰ ਵਲੋਂ ਸੰਭਵ ਨਹੀਂ ਸਨ। ਜਥੇਦਾਰ ਜੀ ਦੇ ਬਹੁਤ ਅਹਿਮ ਫ਼ੈਸਲੇ ਜਿਵੇਂ ਕਿ ਸਿੱਖ ਇੱਕ ਵੱਖਰੀ ਕੌਮ ਹਨ, ਅਕਾਲ ਤਖਤ ਸਰਬ-ਉਚ ਹੈ ਅਤੇ ਸੰਸਾਰਕ ਅਦਾਲਤਾਂ ਤੋਂ ਉਪਰ ਹੈ, ਨਿਰੰਕਾਰੀਆਂ ਨੂੰ ਪੰਥ ਚੋਂ ਖਾਰਿਜ ਕੀਤਾ ਗਿਆ ਹੈ ਅਤੇ ਅਕਾਲ ਤਖਤ ਸਾਹਿਬ ਵਲੋਂ ਜਾਰੀ ਕੀਤਾ ਗਿਆ ਹੁਕਮਨਾਮਾ ਵਾਪਿਸ ਨਹੀਂ ਲਿਆ ਜਾ ਸਕਦਾ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਚਲਾਈ ਸਰਕਾਰਾਂ ਦੇ ਅਣ-ਮਨੁੱਖੀ ਵਤੀਰਿਆਂ ਵਿਰੁੱਧ ਮੁਹਿੰਮ ਦੀ ਜੜ੍ਹ ਲਾਉਣ ਦਾ ਸਿਹਰਾ ਵੀ ਜਥੇਦਾਰ ਜੀ ਨੂੰ ਹੀ ਜਾਂਦਾ ਹੈ। ਅਕਾਲ ਤਖ਼ਤ ਦਾ ਜਥੇਦਾਰ ਹੁੰਦਿਆਂ ਹੋਇਆਂ ਉਨ੍ਹਾਂ ਦੀਆਂ ਸਾਰੀਆਂ ਨੀਤੀਆਂ ਦੀ ਪੁਰਜ਼ੋਰ ਹਮਾਇਤ ਕੀਤੀ। ਅੱਜ ਦੇ ਜਥੇਦਾਰ ਹੁੰਦੇ ਤਾਂ ਜੋ ਸਰਕਾਰ ਕਹਿੰਦੀ ਉਹ ਹੀ ਕਰਦੇ।ਹੁਕਮਨਾਮਾ ਜਾਰੀ ਸੰਤ ਜਰਨੈਲ ਸਿੰਘ ਨੂੰ ਸਿੱਖ ਧਰਮ ਵਿੱਚੋਂ ਖਾਰਿਜ ਕਰਵਾ ਦਿੰਦੇ। ਸੰਤ ਜਰਨੈਲ ਸਿੰਘ ਵੀ ਜਥੇਦਾਰ ਜੀ ਦੀ ਸਿੱਖ ਪੰਥ ਪ੍ਰਤੀ ਦ੍ਰਿੜਤਾ ਤੋਂ ਭਲੀ ਭਾਂਤਿ ਵਾਕਿਫ ਸਨ। ਉਹ ਵੀ ਜਥੇਦਾਰ ਸਾਹਿਬ ਦਾ ਬਹੁਤ ਆਦਰ ਕਰਦੇ ਸਨ ਅਤੇ ਦਿਲੋਂ ਪਿਆਰ ਕਰਦੇ ਸਨ। ਉਨ੍ਹਾਂ ਦੀਆਂ ਪੰਥ ਪ੍ਰਤੀ ਕੀਤੀਆਂ ਨਿਡਰ ਸੇਵਾਵਾਂ ਲਈ ਉਨ੍ਹਾਂ ਦੀ ਸ਼ਖ਼ਸ਼ੀਅਤ ਤੋਂ ਕਾਇਲ ਸਨ। ਇੱਕ ਵਾਰ ਭੋਗ ਦੀ ਰਸਮ ਸਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੱਥੇਦਾਰ ਅਜਨੋਹਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸ਼ਹੀਦੀਆਂ ਦੇਣ ਦਾ ਸਮਾਂ ਆ ਗਿਆ ਹੈ। ਜਥੇਦਾਰ ਅਜਨੋਹਾ ਨੇ ਉਸ ਵਕਤ ਤਾਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਦਾ ਜਵਾਬ ਸਿਰਫ਼ "ਹਾਂ" ਕਹਿੰਦਿਆਂ ਸੰਖੇਪ ਰੂਪ 'ਚ ਹੀ ਦਿੱਤਾ ਪਰ ਜਦੋਂ ਭੋਗ ਉਪਰੰਤ ਅਰਦਾਸ ਕੀਤੀ ਤੇ ਵਾਹਿਗੁਰੂ ਨੂੰ ਸਨਮੁੱਖ ਹੋ ਕਿਹਾ ਕਿ, “ਹੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਮੇਰੀ ਰਹਿੰਦੀ ਉਮਰ ਵੀ ਸੰਤ ਭਿੰਡਰਾਂਵਾਲਿਆਂ ਨੂੰ ਲੱਗ ਜਾਵੇ ਕਿਉਂਕਿ ਇੰਨ੍ਹਾਂ ਨੇ ਪੰਥ ਹਿੱਤ ਹਾਲੇ ਕਈ ਮਹਾਨ ਕਾਰਜ ਕਰਨੇ ਹਨ”।
ਜਥੇਦਾਰ ਸਾਹਿਬ ਨੇ ਆਪਣੇ ਜੱਦੀ ਪਿੰਡ ਅਜਨੋਹਾ ਵਿਖੇ ਅਖੰਡ ਪਾਠ ਆਰੰਭ ਕਰਵਾਏ ਅਤੇ ਸੰਤ ਜਰਨੈਲ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੱਗੇ ਆਉਣ ਵਾਲੇ ਸਮੇਂ ਨੂੰ ਸਮਝਦੇ ਸਨ। ਇੱਕ ਵਾਰ ਉਨ੍ਹਾਂ ਨੇ ਜਥੇਦਾਰ ਸਾਹਿਬ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹੁਣ ਸ਼ਹੀਦੀਆਂ ਦੇਣ ਦਾ ਸਮਾਂ ਆ ਗਿਆ ਹੈ। ਜਥੇਦਾਰ ਅਜਨੋਹਾ ਨੇ ਉਸ ਵਕਤ ਤਾਂ ਸੰਤ ਭਿੰਡਰਾਂਵਾਲਿਆਂ ਦੀ ਗੱਲ ਦਾ ਜਵਾਬ ਸਿਰਫ਼ "ਹਾਂ" ਕਹਿੰਦਿਆਂ ਜੁਆਬ ਦਿੱਤਾ। ਭੋਗ ਉਪਰੰਤ ਅਰਦਾਸ ਕੀਤੀ ਤੇ ਵਾਹਿਗੁਰੂ ਨੂੰ ਸਨਮੁੱਖ ਹੋ ਕਿਹਾ ਕਿ, “ਹੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਮੇਰੀ ਰਹਿੰਦੀ ਉਮਰ ਵੀ ਸੰਤ ਭਿੰਡਰਾਂਵਾਲਿਆਂ ਨੂੰ ਲੱਗ ਜਾਵੇ ਕਿਉਂਕਿ ਇੰਨ੍ਹਾਂ ਨੇ ਪੰਥ ਹਿੱਤ ਹਾਲੇ ਕਈ ਮਹਾਨ ਕਾਰਜ ਕਰਨੇ ਹਨ”। ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੁਣਿਆਂ।ਅਰਦਾਸ ਸੰਪੰਨ ਹੋਣ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੱਥੇਦਾਰ ਸਾਹਿਬ ਨੇ ਕਿਹਾ ਕਿ ਇਹ ਤੁਸੀਂ ਕੀ ਕੀਤਾ ਹੈ? ਤੁਸੀਂ ਇਹੋ ਜਿਹੀ ਮੰਗ ਗੁਰੂ ਸਾਹਿਬ ਜੀ ਤੋਂ ਕਿਉਂ ਕੀਤੀ ਹੈ ਤਾਂ ਉਨ੍ਹਾਂ ਅੱਗੋ ਮੁਸਕਰਾ ਕਿ ਕਿਹਾ ਕਿ ਮੈਨੂੰ ਮੇਰੀ ਜਿੰਦਗੀ ਨਾਲੋਂ ਪੰਥ ਦਾ ਜਿਆਦਾ ਫਿਕਰ ਹੈ। ਤੁਸੀਂ ਪੰਥ ਦੀ ਚੜ੍ਹਦੀ ਕਲਾ ਲਈ ਜੋ ਕੰਮ ਕਰ ਰਹੇ ਹੋ ਉਸ ਲਈ ਮੈਂ ਤੁਹਾਡੀ ਲੰਬੇਰੀ ਉਮਰ ਲਈ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਹੈ ਕਿ ਮੇਰੀ ਉਮਰ ਵੀ ਤੁਹਾਨੂੰ ਹੀ ਲੱਗ ਜਾਵੇ।
''ਬਿਰਥੀ ਨਾ ਜਾਈ ਜਨ ਕੀ ਅਰਦਾਸ'' ਦੇ ਮਹਾਨ ਕਥਨ ਅਨੁਸਾਰ ਇੱਕ ਮਹੀਨੇ ਬਾਅਦ 18 ਮਾਰਚ 1982 ਨੂੰ ਬਿਨਾਂ ਕਿਸੇ ਬੀਮਾਰੀ ਦੇ ਜੱਥੇਦਾਰ ਅਜਨੋਹਾ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ। ਉਸ ਵਕਤ ਉਨ੍ਹਾਂ ਦੀ ਉਮਰ ਕੇਵਲ 58 ਸਾਲ ਹੀ ਸੀ। ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਜਨੋਹਾ ਵਿਖੇ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਜੱਥੇ ਸਮੇਤ ਜੱਥੇਦਾਰ ਸਾਹਿਬ ਦੇ ਸੰਸਕਾਰ ਵਿੱਚ ਸ਼ਾਮਿਲ ਹੋਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ। ਪੰਥ ਦੇ ਨਿੱਡਰ ਅਤੇ ਨਿਧੱੜਕ ਜੱਥੇਦਾਰ ਨੂੰ ਭਿੱਜੀਆਂ ਅੱਖਾਂ ਨਾਲ ਵਿਦਾਈ ਦਿੱਤੀ। ਜਥੇਦਾਰ ਸਾਹਿਬ ਇੱਕ ਨੇਕ ਦਿਲ, ਇਨਸਾਫ ਪਸੰਦ ਅਤੇ ਸੱਚ ਤੇ ਪਹਿਰਾ ਦੇਣ ਵਾਲੇ ਵਿਅਕਤੀ ਸਨ। ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਧਰਮ ਹਿੱਤ ਕਾਰਜਾਂ ਤੇ ਲੈ ਦਿੱਤਾ। ਮਿਹਨਤ, ਇਮਾਨਦਾਰੀ, ਲਗਨ ਅਤੇ ਨਿਡਰਤਾ ਸਦਕਾ ਹੀ ਇੱਕ ਨਿਧੜਕ ਜਥੇਦਾਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
コメント