ਖੋਜੀ ਅਤੇ ਇਤਿਹਾਸਕਾਰ ਸਰਦਾਰ ਗਿਆਨੀ ਗਰਜਾ ਸਿੰਘ ਚੌਹਾਨ। (Rajput Soorme)
- Sidki Rajput Soorme
- 6 set 2020
- Tempo di lettura: 4 min
Aggiornamento: 24 ott 2020

ਇਤਿਹਾਸਕਾਰ ਗਰਜਾ ਸਿੰਘ ਚੌਹਾਨ ਦਾ ਜਨਮ 20 ਅਗਸਤ 1904 ਨੂੰ ਮਾਤਾ ਦਇਆ ਕੌਰ (ਠਾਕਰੀ ) ਦੀ ਕੁੱਖੋਂ ਪਿੰਡ ਗਹਿਲ ਤਹਿਸੀਲ ਬਰਨਾਲਾ ਰਿਆਸਤ ਪਟਿਆਲਾ ਵਿੱਚ ਹੋਇਆ।ਆਪ ਜੀ ਦੇ ਪਿਤਾ ਦਾ ਨਾਮ ਸ. ਸੁਰਜਨ ਸਿੰਘ ਚੌਹਾਨ ਸੀ। ਭਾਵੇ ਇਨ੍ਹਾਂ ਦਾ ਜੱਦੀ ਪਿੰਡ ਕਰਤਾਰ ਪੁਰ ਤਹਿਸੀਲ ਡਸਕਾ ਜ਼ਿਲਾ ਸਿਆਲਕੋਟ (ਪਾਕਿਸਤਾਨ) ਸੀ ਪਰ ਸ. ਸੁਰਜਨ ਸਿੰਘ ਇਥੇ ਹੀ ਰਹਿੰਦੇ ਸਨ। ਗਿਆਨੀ ਗਰਜਾ ਸਿੰਘ ਨੇ ਆਪਣੀ ਮੁਢਲੀ ਸਿਖਿਆ ਪਿੰਡ ਗਹਿਲ ਦੇ ਸਕੂਲ ਵਿੱਚ ਮਾਸਟਰ ਚੁਰੰਜੀ ਲਾਲ ਅਤੇ ਮਾਸਟਰ ਨੰਦ ਲਾਲ ਤੋਂ ਲਈ। ਘਰ ਵਿੱਚ ਸਿੱਖੀ ਦਾ ਅਤੇ ਧਾਰਮਿਕ ਪ੍ਰੰਪਰਾਵਾਂ ਦਾ ਪ੍ਰਭਾਵ ਹੋਣ ਕਰ ਕੇ ਗਰਜਾ ਸਿੰਘ ਲਈ ਧਾਰਮਿਕ ਵਿਦਿਆ ਦੀ ਲੋੜ ਸਮਝੀ ਗਈ। ਗਰਜਾ ਸਿੰਘ ਨੂੰ ਉਦਾਸੀ ਸੰਤ ਬੀਰਮ ਦਾਸ ਜੀ ਕੋਲ ਧਾਰਮਿਕ ਅਤੇ ਅਧਿਆਤਮਿਕ ਸਿੱਖਿਆ ਲਈ ਭੇਜਿਆ ਗਿਆ ਜਿਥੇ ਉਨ੍ਹਾਂ ਨੇ ਆਦਿ ਗਰੰਥ, ਦਸਮ ਗਰੰਥ, ਗੁਰਪ੍ਰਤਾਪ ਸੂਰਜ ਗਰੰਥ, ਸਾਰੁਕਤਾਵਲੀ ਅਤੇ ਹੋਰ ਧਾਰਮਿਕ ਪੁਸਤਕਾਂ ਦੀ ਸਿੱਖਿਆ ਪ੍ਰਾਪਤ ਕੀਤੀ।
ਅਪ੍ਰੈਲ 1919 ਵਿੱਚ ਪਿਤਾ ਸ. ਸੁਰਜਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਅਤੇ ਆਪ ਜੀ ਦੀ ਪੜਾਈ ਦਾ ਸਿਲਸਿਲਾ ਟੁੱਟ ਗਿਆ। ਓਸੇ ਸਾਲ ਦਸੰਬਰ 1919 ਨੂੰ ਆਪਣੀ ਉਪਜੀਵਕਾ ਲੱਭਦੇ ਹੋਏ ਗਿਆਨੀ ਜੀ ਫੌਜ ਵਿੱਚ ਭਰਤੀ ਹੋ ਗਏ। ਪਰ ਫੌਜ ਵਿੱਚ ਵੀ ਬਹੁਤਾ ਚਿਰ ਨਹੀਂ ਟਿਕੇ ਕਿਉਂਕਿ 20 ਫਰਬਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਰਤ ਗਿਆ। ਜਿਸ ਵਿੱਚ ਉਨ੍ਹਾਂ ਦੇ ਭਰਾ ਬੁੱਧ ਸਿੰਘ ਸ਼ਹੀਦ ਹੋ ਗਏ। ਇਸ ਅੱਤਿਆਚਾਰ ਤੋਂ ਘ੍ਰਿਣਾ ਅਤੇ ਕਿਰਪਾਨ ਰੱਖਣ ਦੀ ਪਾਬੰਦੀ ਤੋਂ ਤੰਗ ਆ ਕੇ ਫਰਬਰੀ 1922 ਵਿੱਚ ਗਿਆਨੀ ਜੀ ਨੇ ਫੋਜ ਤਿਆਗ ਦਿੱਤੀ। ਫਿਰ ਗਿਆਨੀ ਗਰਜਾ ਸਿੰਘ ਜੀ ਨੇ ਆਜ਼ਾਦੀ ਦੇ ਮੁਜਾਹਰਿਆਂ ਅਤੇ ਅੰਦੋਲਨਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸੇ ਸਾਲ ਉਨ੍ਹਾਂ ਨੇ ਧੂਰੀ ਅਤੇ ਕੈਮਲਪੁਰ ਵਿੱਚ ਜੇਲ ਕੱਟੀ। 1923 ਵਿੱਚ ਜੈਤੋਂ ਦੇ ਮੋਰਚੇ ਕਾਰਨ 1 ਸਾਲ ਨਾਭਾ ਜੇਲ ਵਿੱਚ ਬਿਤਾਇਆ। 1930 ਵਿੱਚ 9 ਮਹੀਨੇ ਮੁਲਤਾਨ ਵਿੱਚ ਜੇਲ ਕੱਟੀ। 1931ਵਿੱਚ 1 ਸਾਲ, 1940-41 ਵਿੱਚ 18 ਮਹੀਨੇ ਅਤੇ 1942 ਵਿੱਚ 9 ਮਹੀਨੇ ਸਿਆਲਕੋਟ ਜੇਲ ਵਿੱਚ ਰਹੇ।
ਆਪਣੇ ਇਸ ਆਜ਼ਾਦੀ ਦੇ ਸਫ਼ਰ ਦੌਰਾਨ ਆਪ ਜੀ ਕਈ ਸਿਆਸੀ ਪਾਰਟੀਆਂ ਨਾਲ ਜੁੜੇ ਰਹੇ। 1932-36 ਅਕਾਲੀ ਦਲ ਪਟਿਆਲਾ ਦੇ ਜਨਰਲ ਸੈਕਟਰੀ, 1936-49 ਮੀਤ ਪ੍ਰਧਾਨ,1937-40 ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ, 1940-46 ਆਲ ਇੰਡੀਆ ਕਾਂਗਰਸ ਕਮੇਟੀਦੇ ਮੇਂਬਰ, 1937-51 ਪੰਜਾਬ ਸਟੇਟ ਕਾਂਗਰਸ ਕਮੇਟੀ ਦੇ ਮੇਂਬਰ, 1936-41 ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੇਂਬਰ, 1947-55 ਸਿਆਲਕੋਟ ਦੇ ਗੁਰਦਵਾਰਾ ਬਾਬੇ ਬੇਰ ਦਾ ਰੁਕਨ, 1936-51 ਪੈਪਸੂ ਸੇੰਟ੍ਰਲ ਪੁਰਸ਼ਾਰਥੀ ਕੌਂਸਿਲ ਦੇ ਜਨਰਲ ਸੈਕਟਰੀ ਅਤੇ 1955-59 ਜ਼ਿਲਾ ਕਿਸਾਨ ਵਿਭਾਗ ਪਟਿਆਲਾ ਦੇ ਪ੍ਰਧਾਨ ਰਹੇ।
ਗਿਆਨੀ ਜੀ ਦਾ ਇਤਿਹਾਸ ਨੂੰ ਖੋਜਣ ਦਾ ਸ਼ੋਕ ਮਹਾਨ ਹਿਸਟੋਰੀਅਨ ਸ. ਕਰਮ ਸਿੰਘ ਨਾਲ ਮਿਲਣ ਤੋਂ ਬਾਅਦ ਚ ਜਾਗਿਆ। ਜਦੋਂ ਸ. ਕਰਮ ਸਿੰਘ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਕੰਮ ਕਰਦੇ ਸਨ। ਜਦੋਂ ਕਿ ਕਰਮ ਸਿੰਘ ਨਾਲ ਮਿਲਣਾ ਸਿਰਫ ਇੱਕ ਇਤਫ਼ਾਕ ਸੀ। ਸ਼ਹੀਦ ਭਾਈ ਮਨੀ ਸਿੰਘ ਵਾਰੇ ਖੋਜ ਕਰਨ ਲਈ ਉਨ੍ਹਾਂ ਨੂੰ 30 ਤੋਂ ਵੱਧ ਸਾਲ ਲੱਗੇ। ਉਨ੍ਹਾਂ ਦੀ ਕਿਤਾਬ ਸ਼ਹੀਦ '' ਵਿਲਾਸ ਭਾਈ ਸੇਵਾ ਸਿੰਘ'' ਵੀ ਛਪੀ। ਗਿਆਨੀ ਜੀ ਦਾ ਇੱਕ ਪੈਂਫਲਿਟ ਚਾਲੀ ਮੁਕਤੇ ਅਤੇ ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ ਤੇ ਭਾਈ ਬਚਿੱਤਰ ਸਿੰਘ ਸ਼ਹੀਦ ਛਪਿਆ ਜੋ ਅੱਜ ਨਹੀਂ ਲੱਭਦਾ। ਕਿਤਾਬ ਗੁਰੂ ਕੀ ਸਾਖੀਆਂ ਦੇ ਪਹਿਲੇ ਐਡੀਸ਼ਨ ਵਿੱਚ ਪਿਆਰਾ ਸਿੰਘ ਪਦਮ ਅਤੇ ਗਿਆਨੀ ਗਰਜਾ ਸਿੰਘ ਦੇ ਨਾਮ ਹਨ ਪਰ ਦੂਸਰੇ ਐਡੀਸ਼ਨ ਵਿੱਚ ਗਿਆਨੀ ਜੀ ਦਾ ਨਾਮ ਗਾਇਬ ਹੈ। ਉਨ੍ਹਾਂ ਦੇ ਬਹੁਤ ਸਾਰੇ ਲੇਖ ਖਾਲਸਾ ਸਮਾਚਾਰ, ਪੰਥ ਸੇਵਕ, ਅਕਾਲੀ, ਵਰਤਮਾਨ, ਅੰਮ੍ਰਿਤ ਵੇਲਾ, ਪ੍ਰਕਾਸ਼ ਗੁਰਦੁਆਰਾ ਗਜ਼ਟ ਅਤੇ ਗੁਰਮਤਿ ਪ੍ਰਕਾਸ਼ ਵਰਗੇ ਅਖਵਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹੇ ਹਨ। ਸਾਡੇ ਲਈ ਸਭ ਤੋਂ ਮੰਦਭਾਗਾ ਇਹ ਹੈ ਕਿ ਇਸ ਅਣਮੁੱਲੇ ਇਤਿਹਾਸਕਾਰ ਦੀਆਂ ਲਿਖਤਾਂ ਅਸੀਂ ਸੰਭਾਲ ਨਹੀਂ ਸਕੇ। ਨਾ ਹੀ ਕੋਈ ਕਦਰਦਾਨ ਮਿਲਿਆ। ਗਿਆਨੀ ਜੀ ਨੇ ਇਤਿਹਾਸ ਭੱਟ ਵਹੀਆਂ ਵਿਚੋਂ ਲਿਆ ਅਤੇ ਉਨ੍ਹਾਂ ਦੀਆਂ ਬੰਸਾਵਲੀਆਂ, ਜੰਮਣ ਅਤੇ ਮਰਨ ਦੀਆਂ ਤਰੀਕਾਂ ਪੰਡਿਆਂ ਤੋਂ ਲਈਆਂ। ਸਭ ਨੂੰ ਆਪਣੀ ਜੇਬ ਵਿੱਚੋਂ ਪੈਸੇ ਦੇ ਕੇ ਵੇਸ਼ ਕੀਮਤੀ ਇਤਿਹਾਸ ਨੂੰ ਉਜਾਗਰ ਕੀਤਾ। ਗਿਆਨੀ ਜੀ ਦੀ ਲਿਖਤ ''ਸ਼ਹੀਦ ਵਿਲਾਸ ਭਾਈ ਮਨੀ ਸਿੰਘ'' ਜੋ 1961 ਵਿੱਚ ਪਹਿਲੀ ਵਾਰ ਛਪੀ ਨੇ ਉਹ ਇਤਿਹਾਸ ਸਾਹਮਣੇ ਲਿਆਂਦਾ ਜੋ ਬਾਕੀ ਇਤਿਹਾਸ ਕਰਨ ਨੇ ਸਿਰਫ ਸੁਣੀ ਸੁਣਾਈ ਗੱਲ ਲਿਖੀ ਸੀ। ਬਹੁਤ ਸਾਰੇ ਇਤਿਹਾਸਕਾਰਾਂ ਦਾ ਇਤਿਹਾਸ ਗਲਤ ਸਾਬਿਤ ਹੋਇਆ। ਗਿਆਨੀ ਜੀ ਨੇ ਹੋਰ ਵੀ ਬਹੁਤ ਸਾਰੀਆਂਲਿਖਤਾਂ ਲਿਖੀਆਂ। ਗਿਆਨੀ ਜੀ ਦੇ ਦੁਨੀਆਂ ਵਿੱਚ ਆਖਰੀ ਦਿਨ 30 ਅਗਸਤ 1977 ਤਕ ਬਹੁਤ ਸਾਰੀਆਂ ਖੋਜੀ ਲਿਖਤਾਂ ਜੋ ਆਪਣੀ ਮਾਲੀ ਹਾਲਤ ਵਧੀਆ ਨਾ ਹੋ ਕਾਰਨ ਨਹੀਂ ਛਪਵਾ ਸਕੇ, ਉਨ੍ਹਾਂ ਦੀ ਪਤਨੀ ਬੀਬੀ ਗਿਆਨ ਕੌਰ ਕੋਲ ਪਈਆਂ ਸਨ।
ਇਤਿਹਾਸਕਾਰ ਗੁਰਮਖ ਸਿੰਘ ਮੁਤਾਬਕ ਉਨ੍ਹਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਬੀਬੀ ਜੀ ਨੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਹੋਰ ਇਤਿਹਾਸਕਾਰਾਂ ਨੂੰ ਦਿੱਤੀਆਂ। ਪਰ ਸਾਡੇ ਲਈ ਅਫਸੋਸ ਦੀ ਗੱਲ ਇਹ ਹੈ ਕਿ ਉਨ੍ਹਾਂ ਲਿਖਤਾਂ ਨੂੰ ਕੋਈ ਸੱਚਾ ਇਤਿਹਾਸਕਾਰ ਨਹੀਂ ਮਿਲਿਆ। ਜਿਸ ਨੂੰ ਲਿਖਤਾਂ ਮਿਲੀਆਂ ਉਸ ਨੇ ਆਪਣੇ ਮਤਲਬ ਦੀਆਂ ਲੈ ਕੇ ਅਤੇ ਬਾਕੀ ਸੁੱਟ ਦਿੱਤੀਆਂ। ਗਿਆਨੀ ਜੀ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਸਾਰੇ ਇਤਿਹਾਸਿਕ ਗੁਰਦਵਾਰਿਆਂ ਦੀ ਸਾਈਕਲ ਤੇ ਯਾਤਰਾ ਕੀਤੀ। ਸਭ ਨੂੰ ਮਿਲ ਕੇ ਹਰ ਇਕ ਇਤਿਹਾਸ ਵਾਰੇ ਜਾਣਕਾਰੀ ਲੱਭ ਕੇ ਲਿਖੀ। ਉਨ੍ਹਾਂ ਦੀਆਂ ਲਿਖਤਾਂ ਦੇ ਗਵਾਚਣ ਦਾ ਸਭ ਤੋਂ ਵੱਡਾ ਕਾਰਨ ਸੀ ਕਿ ਉਹ ਇੱਕ ਰਾਜਪੂਤ ਪਰਿਵਾਰ ਨਾਲ ਸੰਬੰਧ ਰੱਖਦੇ ਸਨ। 1947 ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਲਿਖਾਰੀ ਹੋਏ ਹਨ ਉਨ੍ਹਾਂ ਨੂੰ ਰਾਜਪੂਤਾਂ ਵਾਰੇ ਲਿਖਣਾ ਪਸੰਦ ਨਹੀਂ ਹੋਇਆ। ਸਾਡੇ ਵਡੇਰਿਆਂ ਦੀਆਂ ਬਹੁਤ ਕੁਰਬਾਨੀਆਂ ਹਨ ਬਸ ਲਿਖਤੀ ਰੂਪ ਵਿੱਚ ਨਹੀਂ ਆਈਆਂ। ਲਿਖਣ ਵਾਲਿਆਂ ਨੇ ਦੇਖ ਕੇ ਵੀ ਕਲਮ ਬੰਦ ਕਰ ਲਈ। ਇਤਿਹਾਸਕਾਰ ਗੁਰਮੁਖ ਸਿੰਘ ਮੁਤਾਬਿਕ
''ਭੱਟ ਵਾਹੀਆਂ ਦੇ ਉਤਾਰੇ''
''ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ''
''ਗੁਰੂ ਹਰਿ ਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਦਾ ਸੰਖੇਪ ਜੀਵਨ''
''ਗੋਬਿੰਦ ਪ੍ਰਸੰਗਾਵਲੀ ''
''ਘੁੜਾਮ ਅਤੇ ਪੀਰ ਭੀਖਣ ਸ਼ਾਹ''
''ਭੰਗਾਣੀ ਦਾ ਯੁੱਧ'' ''ਹੋਲਾ ਮੋਹੱਲਾ ''
''ਦਮਦਮੀ ਬੀੜਾਂ ਦਾ ਲਿਖਣ ਅਸਥਾਨ ''
''ਖਿਦਰਾਣੇ ਦੀ ਢਾਬ ''
''ਅਨੰਦਪੁਰੀ ਚਾਲੀ ਮੁਕਤੇ ਤੇ ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਭਾਈ ਬਚਿੱਤਰ ਸਿੰਘ''
''ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰਿਆਈ 1 ਅਤੇ 2''
''ਬਾਬਾ ਪ੍ਰਿਥੀ ਚੰਦ ਜੀ '' ''ਬਾਬਾ ਰਾਮ ਰਾਇ ਜੀ''
''ਬਾਬਾ ਮੱਖਣ ਸ਼ਾਹ ਦਾ ਸ਼ੁਭ ਜਨਮ''
''ਭਾਈ ਮਨਿ ਸਿੰਘ ਸ਼ਹੀਦ ਤੇ ਨਵੀਂ ਰੋਸ਼ਨੀ ''
'' ਮਹਾਨ ਯੋਧਾ ਭਾਈ ਬਚਿੱਤਰ ਸਿੰਘ ਸ਼ਹੀਦ''
''ਅਕਾਲੀ ਮਿੱਤ ਸਿੰਘ ਦੰਗਈ ''
''ਕੋਟਲਾ ਨਿਹੰਗ ਖਾਨ ਤੇ ਸਿੱਖ ਇਤਿਹਾਸ''
''ਬੀਰ ਹਕੀਕਤ ਰਾਇ ਸ਼ਹੀਦ '' ਆਦਿਕ ਲਿਖਤਾਂ ਜੋ ਪਟਿਆਲਾ ਯੂਨੀਵਰਸਿਟੀ ਵਿੱਚ 2010 ਤੱਕ ਸਲਾਮਤ ਸਨ ਅੱਜ ਪਤਾ ਨਹੀਂ ਹੈ ਜਾਂ ਨਹੀਂ। ਬਹੁਤ ਸਾਰਾ ਸਾਡਾ ਇਤਿਹਾਸ ਜੋ ਤਬਾਹ ਕਰ ਦਿੱਤਾ ਗਿਆ ਹੈ ਮੁੜ ਖੋਜਣ ਦੀ ਜਰੂਰਤ ਹੈ।
Commenti